1 ਜੁਲਾਈ ਤੋਂ ਡਿਜੀਟਲ ਪੇਮੈਂਟ ਰਾਹੀਂ ਭਰੇ ਜਾਣਗੇ 50 ਹਜ਼ਾਰ ਤੋਂ ਉਪਰ ਦੇ ਬਿੱਲ

Saturday, Jun 22, 2019 - 08:48 PM (IST)

ਪਟਿਆਲਾ(ਪਰਮੀਤ)— ਪੰਜਾਬ ਰਾਜ ਬਿਜਲੀ ਨਿਗਮ ਲਿਮ. (ਪਾਵਰਕਾਮ) ਨੇ ਆਪਣੇ ਫੀਲਡ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ 1 ਜੁਲਾਈ ਤੋਂ ਸਾਰੇ ਬਿਜਲੀ ਖਪਤਕਾਰ ਜਿਨ੍ਹਾਂ ਦੇ ਬਿੱਲ 50 ਹਜ਼ਾਰ ਤੋਂ ਵੱਧ ਰਾਸ਼ੀ ਦੇ ਹਨ, ਸਿਰਫ ਡਿਜੀਟਲ ਪੇਮੈਂਟਾਂ ਰਾਹੀਂ ਹੀ ਭਰਵਾਉਣੇ ਯਕੀਨੀ ਬਣਾਏ ਜਾਣ।

ਪਾਵਰਕਾਮ ਦੇ ਜੁਆਇੰਟ ਫਾਇਨਾਂਸ਼ੀਅਲ ਐਡਵਾਈਜ਼ਰ ਵੱਲੋਂ ਸਾਰੇ ਫੀਲਡ ਅਫਸਰਾਂ ਨੂੰ 21 ਜੂਨ ਨੂੰ ਲਿਖੇ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ 50 ਹਜ਼ਾਰ ਰੁਪਏ ਤੋਂ ਉਪਰ ਵਾਲੇ ਬਿਜਲੀ ਬਿੱਲ ਦੀ ਪੇਮੈਂਟ ਸਿਰਫ ਡਿਜੀਟਲ ਰਾਹੀਂ ਹੀ ਸਵਿਕਾਰ ਕੀਤੀ ਜਾਵੇਗੀ। ਡਿਜੀਟਲ ਪੇਮੈਂਟ 'ਚ ਨੈੱਟ ਬੈਂਕਿੰਗ, ਡੈਬਿਟ/ਕ੍ਰੈਡਿਟ ਕਾਰਡ, ਮੋਬਾਈਲ ਵਾਲੇਟ, ਆਰ.ਟੀ.ਜੀ. ਐੱਸ./ਨੇਫਟ, ਯੂ.ਪੀ.ਆਈ./ਭੀਮ ਵਿਧੀਆਂ ਸ਼ਾਮਲ ਹਨ। ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਖਪਤਕਾਰ ਜਿਸ ਕੋਲ ਸਮੇਂ ਦੀ ਕਮੀ ਹੈ, ਉਹ ਖੁਦ ਆਰ.ਟੀ.ਜੀ.ਐੱਸ. ਜਾਂ ਨੇਫਟ ਰਾਹੀਂ ਪਾਵਰਕਾਮ ਦੀ ਵੈਬਸਾਈਟ 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਰਾਹੀਂ ਆਪਦਾ ਖਾਤਾ ਬਣਵਾ ਕੇ ਬਿੱਲ ਪੇਮੈਂਟ ਕਰ ਸਕਦਾ ਹੈ।

ਇਨ੍ਹਾਂ ਰਾਹੀਂ ਹੋ ਸਕਦੀ ਹੈ ਪੇਮੈਂਟ
ਡਿਟੀਜਲ ਮੋਡ ਰਾਹੀਂ ਆਪਣੇ ਬਿੱਲਾਂ ਦੀ ਪੇਮੈਂਟ ਕਰਨ ਲਈ ਖਪਤਕਾਰ ਪਾਵਰਕਾਮ ਦੀ ਵੈੱਬਸਾਈਟ ਤੋਂ ਇਲਾਵਾ ਪਾਵਰਕਾਮ ਕੰਜ਼ਿਊਮਰ ਸਰਵਿਸ ਐਪ, ਭਾਰਤ ਬਿੱਲ ਪੇ, ਅਲੱਗ-ਅਲੱਗ ਬੈਂਕਾਂ ਦੀ ਵੈਬਸਾਈਟ ਜਿਵੇਂ ਉਮੰਗ, ਐੱਸ. ਬੀ. ਆਈ., ਭੀਮ, ਪੀ. ਐੱਨ. ਬੀ., ਕੇਨਰਾ, ਬੈਂਕ ਆਫ ਬੜੌਦਾ, ਪੰਜਾਬ ਐਂਡ ਸਿੰਧ ਬੈਂਕ, ਯੂ. ਕੋ. ਬੈਂਕ, ਐੱਚ. ਡੀ. ਐੱਫ. ਸੀ. ਪੇਜ ਐੱਪ, ਪੇ. ਟੀ. ਐੱਮ., ਫੋਨ ਪੇ, ਜਸਟ ਡਾਇਲ, ਗੂਗਲ ਪੇ, ਐਮਾਜ਼ੋਨ ਅਤੇ ਐੱਮ. ਪੈਸਾ ਰਾਹੀਂ ਵੀ ਆਪਣੇ ਬਿੱਲਾਂ ਦੀ ਅਦਾਇਗੀ ਡਿਜੀਟਲ ਮੋਡ ਨਾਲ ਕਰ ਸਕਦੇ ਹਨ।

Baljit Singh

This news is Content Editor Baljit Singh