12ਵੀਂ ਦੇ ਨਤੀਜਿਆਂ ''ਚ ਪੰਜਾਬ ਦੀਆਂ ਹੋਣਹਾਰ ਧੀਆਂ ਨੇ ਮਾਰੀ ਬਾਜ਼ੀ, ਮੁੰਡੇ ਫਾਡੀ

04/24/2018 11:00:20 AM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਏ ਗਏ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ। ਇਸ ਵਾਰ 131279 ਲੜਕੀਆਂ ਵਿਚੋਂ ਕੁੱਲ 100330 (76.43 ਫੀਸਦੀ) ਲੜਕੀਆਂ ਪਾਸ ਹੋਈਆਂ ਹਨ। ਇਸੇ ਤਰ੍ਹਾਂ 169138 ਲੜਕਿਆਂ ਵਿਚੋਂ 97869 (57.86 ਫੀਸਦੀ) ਲੜਕੇ ਪਾਸ ਹੋਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਵੇਰਵਿਆਂ 'ਚੋਂ ਜੇਕਰ ਪੇਂਡੂ ਅਤੇ ਸ਼ਹਿਰੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਸ਼ਹਿਰੀ ਖੇਤਰ ਦੀਆਂ 62510 ਲੜਕੀਆਂ 'ਚੋਂ 48252 (77.19 ਫੀਸਦੀ) ਅਤੇ 74965 ਲੜਕਿਆਂ ਵਿਚੋਂ 46563 (62.11 ਫੀਸਦੀ) ਲੜਕੇ ਪਾਸ ਹੋਏ ਹਨ। ਇਸੇ ਤਰ੍ਹਾਂ ਪੇਂਡੂ ਖੇਤਰ ਦੀਆਂ 68769 ਲੜਕੀਆਂ 'ਚੋਂ 52078 (75.73 ਫੀਸਦੀ) ਲੜਕੀਆਂ ਅਤੇ 94173 ਲੜਕਿਆਂ 'ਚੋਂ 51306 (54.48 ਫੀਸਦੀ) ਲੜਕੇ ਪਾਸ ਹੋਏ ਹਨ। 

ਐਲਾਨੇ ਗਏ ਨਤੀਜਿਆਂ ਮੁਤਾਬਕ ਲੁਧਿਆਣਾ ਦੀ ਹੋਣਹਾਰ ਧੀ ਪੂਜਾ ਜੋਸ਼ੀ 98 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚ ਪਹਿਲੇ ਸਥਾਨ 'ਤੇ ਰਹੀ ਹੈ ਜਦਕਿ ਲੁਧਿਆਣਾ ਦਾ ਹੀ ਵਿਵੇਕ ਰਾਜਪੂਤ 97.55 ਫੀਸਦੀ ਅੰਕਾਂ ਨਾਲ ਦੂਜੇ ਸਥਾਨ 'ਤੇ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਧੀ ਜਸਨੂਰ ਕੌਰ 97.33 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਹੀ ਹੈ। 
ਦੂਜੇ ਪਾਸੇ ਸਪੋਰਟਸ ਕੋਟੇ ਵਿਚ ਵੀ ਪੰਜਾਬ ਦੀਆਂ ਧੀਆਂ ਦਾ ਹੀ ਦਬਦਬਾ ਰਿਹਾ ਹੈ। ਪਹਿਲੇ ਸਥਾਨ 'ਤੇ ਲੁਧਿਆਣਾ ਦੀ ਪ੍ਰਾਚੀ ਗੌੜ, ਦੂਜੇ 'ਤੇ ਲੁਧਿਆਣਾ ਦੀ ਪੁਸ਼ਪਿੰਦਰ ਕੌਰ ਜਦਕਿ ਫਰੀਦਕੋਟ ਦੀ ਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ ਹੈ।