ਸਕੂਲਾਂ ਨੂੰ ਪੰਜਾਬ ਬੋਰਡ ਤੋਂ ਮਿਲੀ ਰਾਹਤ, ਰਜਿਸਟ੍ਰੇਸ਼ਨ ਦੀ ਤਰੀਕ ਵਧੀ

12/14/2019 11:49:33 AM

ਲੁਧਿਆਣਾ (ਵਿੱਕੀ) :ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਰਵਰ ਡਾਊਨ ਹੋਣ ਕਾਰਣ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸਕੂਲ ਸੰਚਾਲਕਾਂ ਨੂੰ ਪੇਸ਼ ਆ ਰਹੀ ਪਰੇਸ਼ਾਨੀ ਉਸ ਸਮੇਂ ਦੂਰ ਹੋ ਗਈ, ਜਦੋਂ ਬੋਰਡ ਨੇ ਸਕੂਲਾਂ ਨੂੰ ਰਜਿਸਟ੍ਰੇਸ਼ਨ ਲਈ ਨਿਰਧਾਰਤ ਕੀਤੀ ਗਈ ਤਰੀਕ ਨੂੰ 23 ਦਸੰਬਰ ਤੱਕ ਵਧਾ ਦਿੱਤਾ। ਇਸ ਤੋਂ ਪਹਿਲਾਂ ਬੋਰਡ ਨੇ ਆਖਰੀ ਤਰੀਕ 16 ਦਸੰਬਰ ਤੈਅ ਕੀਤੀ ਹੋਈ ਸੀ ਪਰ ਸਰਵਰ ਡਾਊਨ ਹੋਣ ਕਾਰਣ ਸਕੂਲਾਂ ਨੂੰ ਆ ਰਹੀ ਪਰੇਸ਼ਾਨੀ ਸਬੰਧੀ 'ਜਗਬਾਣੀ' 'ਚ ਸ਼ੁੱਕਰਵਾਰ ਨੂੰ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ।
ਖਬਰ ਵਿਚ ਬੋਰਡ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਕਿਸ ਤਰ੍ਹਾਂ ਬੋਰਡ ਦੀ ਢਿੱਲੀ ਕਾਰਜਪ੍ਰਣਾਲੀ ਦਾ ਉਲਟ ਅਸਰ ਸਕੂਲਾਂ 'ਤੇ ਪੈ ਰਿਹਾ ਹੈ। ਸਕੂਲ ਸੰਚਾਲਕ ਠਾਕੁਰ ਆਨੰਦ ਸਿੰਘ ਅਤੇ ਵਰੁਣ ਰਾਏ ਨੇ ਦੱਸਿਆ ਕਿ ਬੋਰਡ ਵੱਲੋਂ ਆਖਰੀ ਤਰੀਕ ਵਧਾਉਣ ਦਾ ਫੈਸਲਾ ਚੰਗਾ ਹੈ। ਉਨ੍ਹਾਂ ਦੱਸਿਆ ਕਿ ਜਗ ਬਾਣੀ ਵੱਲੋਂ ਪ੍ਰਮੁੱਖਤਾ ਨਾਲ ਸਕੂਲਾਂ ਦੀ ਪ੍ਰੇਸ਼ਾਨੀ ਉਜਾਗਰ ਕਰ ਕੇ ਬੋਰਡ ਦੇ ਧਿਆਨ 'ਚ ਲਿਆਂਦਾ ਗਿਆ, ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਨੂੰ ਵੈੱਬਸਾਈਟ ਵੀ ਸਹੀ ਢੰਗ ਨਾਲ ਚੱਲੀ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਕੰਪਲੀਟ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸਕੂਲ ਸੰਚਾਲਕਾਂ ਨੇ ਦੱਸਿਆ ਸੀ ਕਿ ਬੋਰਡ ਦੀ ਵੈੱਬਸਾਈਟ 'ਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਸਮੇਂ ਸਰਵਰ ਬੰਦ ਹੋ ਰਿਹਾ ਹੈ, ਜਿਸ ਨਾਲ ਡਾਟਾ ਭਰਨ ਤੋਂ ਬਾਅਦ ਵਿਚ ਹੀ ਫਸ ਰਿਹਾ ਹੈ।

Babita

This news is Content Editor Babita