ਭਾਰੀ ਘਾਟੇ ''ਚ ਡੁੱਬੀ ਪੰਜਾਬ ਰੋਡਵੇਜ਼ ਹੁਣ ਕੰਡਮ ਬੱਸਾਂ ਨੂੰ ਕਰੇਗੀ ਆਪਣੇ ਬੇੜੇ ''ਚ ਸ਼ਾਮਲ

07/20/2019 4:26:32 PM

ਜਲੰਧਰ (ਮੋਹਨ)— ਕੰਡਮ ਬੱਸਾਂ ਦਾ ਜੰਕਸ਼ਨ ਬਣ ਰਹੀ ਸਰਕਾਰ ਦੀ ਪੰਜਾਬ ਰੋਡਵੇਜ਼ ਹੁਣ ਆਪਣੇ ਬੇੜੇ 'ਚ ਹੋਰ 299 ਕੰਡਮ ਬੱਸਾਂ ਸ਼ਾਮਲ ਕਰੇਗੀ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੇ ਵਿੱਤ ਵਿਭਾਗ ਨੂੰ ਪਨਬੱਸ ਦੀਆਂ ਬੱਸਾਂ ਨੂੰ ਆਪਣੇ ਬੇੜੇ 'ਚ ਸ਼ਾਮਲ ਕਰਨ ਲਈ ਪੱਤਰ ਲਿਖਿਆ ਹੈ। ਇਹ ਉਹ ਬੱਸਾਂ ਹਨ, ਜੋ ਆਪਣਾ ਸਮਾਂ ਪੂਰਾ ਕਰ ਚੁੱਕੀਆਂ ਹਨ ਅਤੇ ਰਸਮੀ ਤੌਰ 'ਤੇ ਕੰਡਮ ਸ਼੍ਰੇਣੀ 'ਚ ਆ ਚੁੱਕੀਆਂ ਹਨ। ਪੰਜਾਬ ਰੋਡਵੇਜ਼ ਕੋਲ ਫਿਲਹਾਲ 659 ਬੱਸਾਂ ਹਨ, ਜਿਨ੍ਹਾਂ 'ਚ 300 ਬੱਸਾਂ ਤਾਂ ਬਹੁਤ ਕੰਡਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਨੀਲਾਮੀ ਲਈ ਰੱਖ ਦਿੱਤਾ ਸੀ ਤੇ ਜੋ ਬੰਦ ਹਨ, ਜਦਕਿ ਬਾਕੀ 359 ਬੱਸਾਂ 'ਚ ਵੀ ਅੱਧੀਆਂ ਤੋਂ ਵੱਧ ਬੱਸਾਂ ਆਪਣੀ ਸਮਾਂ ਹੱਦ ਪਾਰ ਕਰ ਚੁੱਕੀਆਂ ਹਨ। ਇਕ ਬੱਸ ਦੀ ਸਮਾਂ ਹੱਦ 5 ਲੱਖ ਕਿਲੋਮੀਟਰ ਜਾਂ 7 ਸਾਲ ਦਾ ਸਮਾਂ ਹੁੰਦੀ ਹੈ।

ਸਾਲ 2005 ਤੋਂ ਪੰਜਾਬ ਰੋਡਵੇਜ਼ ਦੇ ਬੇੜੇ 'ਚ ਕੋਈ ਨਵੀਂ ਬੱਸ ਨਹੀਂ ਸ਼ਾਮਲ ਕੀਤੀ ਗਈ। ਤਿੰਨ ਸਾਲ ਪਹਿਲਾਂ ਪਨਬੱਸ ਦੀਆਂ ਕਰਜ਼ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ 'ਚ ਸ਼ਾਮਲ ਕਰ ਲਿਆ ਜਾਂਦਾ ਸੀ ਪਰ ਹੁਣ ਇਹ ਪ੍ਰਕਿਰਿਆ ਵੀ ਬੰਦ ਹੋ ਚੁੱਕੀ ਹੈ। ਪੰਜਾਬ ਦੇ ਰੋਡਵੇਜ਼ ਕਰਮਚਾਰੀਆਂ ਨੂੰ ਵੀ ਡਰ ਹੈ ਕਿ ਇਸ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਪਨਬੱਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਨਬੱਸ ਹਰ ਸਾਲ ਮੁਨਾਫਾ ਕਮਾ ਰਹੀ ਹੈ ਅਤੇ ਪਨਬੱਸ ਦਾ ਹਰ ਸਾਲ ਕਰੋੜਾਂ ਦਾ ਮੁਨਾਫਾ ਵੀ ਪੰਜਾਬ ਰੋਡਵੇਜ 'ਚ ਪਾਇਆ ਜਾ ਰਿਹਾ ਹੈ। ਇਸ ਸਬੰਧ 'ਚ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਤੇਜਿੰਦਰ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਵੰਬਰ ਵਿਚ ਸੂਬਾ ਅਤੇ ਵਿੱਤ ਵਿਭਾਗ ਨੂੰ ਪਨਬੱਸ ਦੀਆਂ ਕਰਜ਼ ਮੁਕਤ ਬੱਸਾਂ ਨੂੰ ਪੰਜਾਬ ਰੋਡਵੇਜ਼ 'ਚ ਸ਼ਾਮਲ ਕਰਨ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਨਬੱਸ ਦੀਆਂ ਬੱਸਾਂ ਕਾਫੀ ਚਲ ਚੁੱਕੀਆਂ ਹਨ ਪਰ ਉਨ੍ਹਾਂ ਦੀ ਹਾਲਤ ਕਾਫੀ ਚੰਗੀ ਹੈ। ਉਨ੍ਹਾਂ ਰੋਡਵੇਜ਼ ਨੂੰ ਬੰਦ ਕਰਨ ਦੀ ਗੱਲ ਤੋਂ ਵੀ ਇਨਕਾਰ ਕੀਤਾ।