ਪੰਜਾਬ ''ਚ ਅੱਜ ਕਿਤੇ-ਕਿਤੇ ਪੈ ਸਕਦੈ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ

02/13/2020 1:08:44 AM

ਚੰਡੀਗੜ੍ਹ- ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ 'ਚ ਮੌਸਮ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਇਲਾਕਿਆਂ 'ਚ ਘੱਟੋ-ਘੱਟ ਤਾਪਮਾਨ 'ਚ ਕੁਝ ਵਾਧਾ ਹੋਇਆ ਹੈ, ਜਿਸ ਕਾਰਣ ਲੋਕਾਂ ਨੂੰ ਭਾਰੀ ਠੰਡ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ 'ਚ ਹਲਕੀ ਵਰਖਾ ਹੋ ਸਕਦੀ ਹੈ ਤੇ ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ। ਬੁੱਧਵਾਰ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਬਾਲਾ 'ਚ ਇਹ 8, ਨਾਰਨੌਲ 'ਚ 5, ਲੁਧਿਆਣਾ 'ਚ 11, ਪਟਿਆਲਾ 'ਚ 10, ਜਲੰਧਰ ਨੇੜੇ ਆਦਮਪੁਰ 'ਚ 6 ਅਤੇ ਜੰਮੂ 'ਚ 9 ਡਿਗਰੀ ਸੈਲਸੀਅਸ ਸੀ। ਹਿਮਾਚਲ 'ਚ ਤਿੱਖੀ ਧੁੱਪ ਚੜ੍ਹਨ ਕਾਰਣ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ 'ਚ ਇਹ 3, ਸੋਲਨ 'ਚ 4, ਭੁੰਤਰ 'ਚ 5 ਅਤੇ ਮੰਡੀ 'ਚ 6 ਡਿਗਰੀ ਸੀ।