ਪੰਜਾਬ ਪੁਲਸ ਜੀ ! ਕੋਰੋਨਾ ਪ੍ਰਤੀ ਜਾਗਰੂਕਤਾ ਪੰਜਾਬੀ ਵਿਚ ਕਿਉਂ ਨਹੀਂ ?

04/10/2020 10:15:27 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਪੰਜਾਬ ਪੁਲਸ ਦੀ ਕੋਰੋਨਾ ਵਾਇਰਸ ਅਤੇ ਲਾਕਡਾਊਨ ਨੂੰ ਲੈ ਕੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਆਪਣੇ ਮੁੱਢਲੇ ਪੜਾਅ ਦੌਰਾਨ ਹੀ ਇਤਰਾਜ ਅਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਮਨੁੱਖੀ ਨਸਲ ਉੱਤੇ ਕੋਰੋਨਾ ਵਾਇਰਸ ਦੇ ਹਮਲੇ ਕਾਰਨ ਸਮੁੱਚੀ ਦੁਨੀਆ ਘਰਾਂ ਵਿਚ ਕੈਦ ਹੋ ਚੁੱਕੀ ਹੈ। ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਇਸ ਵੇਲੇ ਲਾਕਡਾਊਨ ਦੀ ਸਥਿਤੀ ਵਿਚ ਹਨ। ਇਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿਚ ਲਾਕਡਾਊਨ ਤੋੜੇ ਜਾਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਪੰਜਾਬ ਵਿਚ ਲਾਕਡਾਊਨ ਕੀਤੇ ਜਾਣ ਤੋਂ ਬਾਅਦ ਇਸ ਤਰ੍ਹਾਂ ਕਈ ਘਟਨਾਵਾਂ ਵਾਪਰੀਆਂ ਕਿ ਆਮ ਲੋਕਾਂ ਨੇ ਲਾਕਡਾਊਨ ਤੋੜਿਆ ਅਤੇ ਸੜਕਾਂ ’ਤੇ ਘੁੰਮਦੇ ਦਿਖਾਈ ਦਿੱਤੇ। ਇਸ ਦੌਰਾਨ ਪੰਜਾਬ ਪੁਲਸ ਵੱਲੋਂ ਲੋਕਾਂ ਨਾਲ ਕੀਤੇ ਗਏ ਕੁਝ ਇਤਰਾਜ਼ਯੋਗ ਵਤੀਰਿਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ, ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ਤਰ੍ਹਾਂ ਦੇ ਵਤੀਰੇ ਪ੍ਰਤੀ ਵਿਰੋਧ ਪ੍ਰਗਟ ਕੀਤਾ ਅਤੇ ਪੰਜਾਬ ਪੁਲਸ ਦੇ ਅਕਸ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਇਸ ਸਭ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਦਖਲ ਦਿੱਤਾ ਅਤੇ ਪੰਜਾਬ ਪੁਲਸ ਨੂੰ ਇਸ ਤਰ੍ਹਾਂ ਦੇ ਵਤੀਰੇ ਤੋਂ ਵਰਜਿਆ। ਕੈਪਟਨ ਅਮਰਿੰਦਰ ਸਿੰਘ ਦੇ ਇਸ ਦਖਲ ਨਾਲ ਪੁਲਸ ਵੱਲੋਂ ਆਮ ਲੋਕਾਂ ਨਾਲ ਕੀਤਾ ਜਾ ਰਿਹਾ ਇਹ ਵਤੀਰਾ ਕਾਫੀ ਹੱਦ ਤੱਕ ਸੁਧਰ ਗਿਆ ਅਤੇ ਪੁਲਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਨਵੇਂ ਰਾਹ ਲੱਭਣੇ ਸ਼ੁਰੂ ਕਰ ਦਿੱਤੇ।

ਪੰਜਾਬ ਪੁਲਸ ਨੇ ਲੋਕਾਂ ਨੂੰ ਸਮਝਾਉਣ ਲਈ ਲੱਭਿਆ ਨਵਾਂ ਰਾਹ ਪਰ ਇਸ ’ਤੇ ਵੀ ਉੱਠੇ ਸਵਾਲ
ਇਸ ਸਭ ਤੋਂ ਬਾਅਦ ਪੰਜਾਬ ਪੁਲਸ ਨੇ ਆਮ ਲੋਕਾਂ ਨੂੰ ਸਮਝਾਉਣ ਲਈ ਨਵਾਂ ਰਾਹ ਲੱਭਿਆ ਹੈ। ਇਹ ਨਵਾਂ ਰਾਹ ਜਿੱਥੇ ਇਕ ਪਾਸੇ ਤਾਰੀਫ ਦਾ ਹੱਕਦਾਰ ਹੈ, ਉੱਥੇ ਦੂਜੇ ਪਾਸੇ ਆਮ ਲੋਕਾਂ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਪਸੰਦ ਨਹੀਂ ਆ ਰਿਹਾ। ਪੰਜਾਬ ਪੁਲਸ ਨੇ ਕੋਰੋਨਾ ਵਾਇਰਸ ਅਤੇ ਲਾਕਡਾਊਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਲਿਤ ਪੰਜਾਬੀ ਗੀਤਾਂ ਅਤੇ ਕਵਿਤਾਵਾਂ ਦਾ ਸਹਾਰਾ ਲਿਆ ਹੈ। ਪੰਜਾਬ ਪੁਲਸ ਪੰਜਾਬ ਜੇ ਸਾਰੇ ਜਿਲ੍ਹਿਆਂ ਦੇ ਨਾਵਾਂ ’ਤੇ ਰਚਨਾਤਮਕ ਗ੍ਰਾਫਿਕਸ ਬਣਾਏ ਹਨ। ਇਨ੍ਹਾਂ ਰਾਹੀਂ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਉਹ ਲਾਕਡਾਊਨ ਦਾ ਪਾਲਣ ਕਰਨਗੇ ਤਾਂ ਕੋਰੋਨਾ ਮਹਾਮਾਰੀ ਤੋਂ ਬਚੇ ਰਹਿਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਪੁਲਸ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਪਰ ਬਣਾਏ ਗਏ ਇਨ੍ਹਾਂ ਗ੍ਰਾਫਿਕਸ ’ਤੇ ਅੱਧੀ ਪੰਜਾਬੀ ਅਤੇ ਅੱਧੀ ਅੰਗਰੇਜੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਲੈ ਆਮ ਲੋਕ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਕਈ ਲੋਕ ਇਤਰਾਜ ਪ੍ਰਗਟ ਕਰ ਰਹੇ ਹਨ ਅਤੇ ਇਸ ਨੂੰ ਪੈਸੇ ਦੀ ਬਰਬਾਦੀ ਦੱਸ ਰਹੇ ਹਨ।
ਉਨ੍ਹਾਂ ਦਾ ਮੰਨਣਾ ਹੈ ਪੰਜਾਬੀ ਦੇ ਨਾਲ ਕੀਤੀ ਗਈ ਰੋਮਨ ਲਿਪੀ ਦੀ ਵਰਤੋਂ ਕਾਰਨ ਪੰਜਾਬੀ ਮੁਹਾਵਰੇ ਨੂੰ ਸਮਝਣ ਵਾਲਾ ਆਮ ਬੰਦਾ ਜਾਗਰੂਕ ਨਹੀਂ ਹੋ ਸਕੇਗਾ। ਇਸ ਦੇ ਨਾਲ ਪੰਜਾਬ ਪੁਲਸ ਵੱਲੋਂ ਗ੍ਰਾਫਿਕਸ ਵਿਚ ਵਰਤੇ ਗਏ ਗੀਤ ਹਿੰਦੀ ਫਿਲਮਾਂ ਦੇ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਵਿਚੋਂ ਕੁਝ ਗੀਤ ਵਿਵਾਦਾਂ ਵਿਚ ਘਿਰੇ ਰਹੇ ਹਨ। ਜਿਸ ਸਮੇਂ ਦੇ ਇਹ ਗੀਤ ਹਨ ਉਸ ਸਮੇਂ ਸੈਂਸਰ ਬੋਰਡ ਵੱਲੋਂ ਵੀ ਇਨ੍ਹਾਂ ਗੀਤਾਂ ’ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਇਨ੍ਹਾਂ ਗੀਤਾਂ ਵਿਚ ਮੁੱਖ ਤੌਰ ’ਤੇ ਬਾਬੀ ਫਿਲਮ ਦਾ ਗੀਤ ‘ਬਾਹਰ ਸੇ ਕੋਈ ਅੰਦਰ ਨਾ ਆ ਸਕੇ ...ਅੰਦਰ ਸੇ ਕੋਈ ਬਾਹਰ ਨਾ ਜਾ ਸਕੇ’ ਗੀਤ ਮੁੱਖ ਤੌਰ ’ਤੇ ਸ਼ਾਮਲ ਹਨ।

ਇਹ ਹਨ ਪੰਜਾਬ ਪੁਲਸ ਦੇ ਕੋਰੋਨਾ ਨੂੰ ਲੈ ਕੇ ਜਾਗਰੂਕਤਾ ਦੇ ਕੁਝ ਹੋਰ ਗ੍ਰਾਫਿਕਸ 


ਇਥੇ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਪੰਜਾਬ ਪੁਲਸ ਨੇ ਪਿਛਲੇ ਸਮੇਂ ਪੰਜਾਬੀ ਗੀਤਾਂ ਵਿਚ ਪਰੋਸੀ ਜਾ ਰਹੀ ਲਚਰਤਾ ਨੂੰ ਲੈ ਕੇ ਕਾਫੀ ਸਖਤੀ ਦਿਖਾਈ ਸੀ। ਇਸ ਤਹਿਤ ਉਨ੍ਹਾਂ ਕਈ ਗਾਇਕਾ ਅਤੇ ਗੀਤਕਾਰਾਂ ’ਤੇ ਸ਼ਿਕੰਜਾ ਵੀ ਕੱਸਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਪੰਜਾਬ ਪੁਲਸ ਖੁਦ ਉਹੋ ਜਿਹੇ ਗੀਤਾ ਰਾਹੀਂ ਹੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ।  

ਸਟਾਲਿਨਜੀਤ ਬਰਾੜ ਨੇ ਪ੍ਰਗਟ ਕੀਤਾ ਇਤਰਾਜ਼
ਇਸ ਸਭ ਤੋਂ ਬਾਅਦ ਪੰਜਾਬੀ ਵਿਕੀਪੀਡੀਆ ਦੇ ਕਾਰਕੁੰਨ ਸਟਾਲਿਨਜੀਤ ਬਰਾੜ ਨੇ ਇਤਰਾਜ ਪ੍ਰਗਟ ਕੀਤਾ ਅਤੇ ਕਿਹਾ ਕਿ "ਤਸਵੀਰਾਂ ਵਿੱਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਲਿਖਣ ਦੀ ਥਾਂ ਰੋਮਨ ਵਿਚ ਲਿਖਿਆ ਗਿਆ ਹੈ। ਇਸ ਨਾਲ ਜਿੱਥੇ ਭਾਸ਼ਾ ਨੂੰ ਪੜ੍ਹਨ ਵਿਚ ਦਿੱਕਤ ਹੁੰਦੀ ਹੈ, ਉੱਥੇ ਹੀ ਇਸਦੇ ਸਹੀ ਅਰਥ ਸੰਚਾਰ ਵੀ ਨਹੀਂ ਹੁੰਦੇ। ਉਨ੍ਹਾਂ ਕਿਹਾ ਮੀਡੀਆ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਕਿਉਂਕਿ ਇਹਨਾਂ ਦੇ ਇਸ਼ਤਿਹਾਰ ਪੰਜਾਬੀ ਅਖਬਾਰ ਵਿਚ ਵੀ ਛਪਦੇ ਹਨ ਪਰ ਇਨ੍ਹਾਂ ਦੀ ਭਾਸ਼ਾ ਅੰਗਰੇਜੀ ਹੁੰਦੀ ਹੈ ਜਾਂ ਫਿਰ ਪੰਜਾਬੀ ਲਿਪੀ ਨੂੰ ਰੋਮਨ ਵਿਚ ਲਿਖਿਆ ਗਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਇਸ਼ਤਿਹਾਰਾਂ ਨਾਲ ਲੋਕਾਂ ਤੱਕ ਕੋਈ ਸੁਨੇਹਾ ਵੀ ਨਹੀਂ ਜਾਣਾ ਅਤੇ ਇਹ ਪੈਸੇ ਦੀ ਬਰਬਾਦੀ ਹੈ।"

ਇਹ ਵੀ ਪੜ੍ਹੋ : ਕਰਫਿਊ ਬਨਾਮ ਪੰਜਾਬ ਪੁਲਸ ਦਾ ਵਤੀਰਾ
 

jasbir singh

This news is News Editor jasbir singh