ਰੇਲਵੇ ਟਰੈਕ ''ਤੇ ਦਿਲ ਦਹਿਲਾ ਦੇਣ ਵਾਲੇ ਕਤਲਕਾਂਡ ''ਚ ਕੋਈ ਖੁਲਾਸਾ ਨਹੀਂ ਕਰ ਸਕੀ ਪੰਜਾਬ ਪੁਲਸ, ਰਹੱਸ ਬਰਕਰਾਰ

07/24/2017 12:53:36 PM

ਫਗਵਾੜਾ (ਜਲੋਟਾ) — ਫਗਵਾੜਾ 'ਚ ਕਰੀਬ 2 ਮਹੀਨੇ ਪਹਿਲਾਂ ਅਣਪਛਾਤੇ ਕਾਤਲਾਂ ਵਲੋਂ ਫਗਵਾੜਾ ਰੇਲਵੇ ਸਟੇਸ਼ਨ ਦੇ ਕਰੀਬ ਮੇਨ ਫਗਵਾੜਾ ਨਵੀਂ ਦਿੱਲੀ ਰੇਲ ਟਰੈਕ 'ਤੇ ਇਕ ਅਣਪਛਾਤੇ ਨੌਜਵਾਨ ਦੇ ਕਤਲ ਦਾ ਮਾਮਲਾ ਅਜੇ ਤਕ ਗਹਿਰਾ ਭੇਦ ਹੀ ਬਣਿਆ ਹੋਇਆ ਹੈ।  ਰੇਲਵੇ ਪੁਲਸ ਕਤਲਕਾਂਡ ਨੂੰ ਸੁਲਝਾਉਣ ਦੇ ਹਜ਼ਾਰਾਂ ਦਾਅਵੇ ਕਰ ਰਹੀ ਹੈ ਪਰ ਆਨ ਰਿਕਾਰਡ ਕਤਲ ਦਾ ਸ਼ਿਕਾਰ ਬਣੇ ਅਣਪਛਾਤੇ ਨੌਜਵਾਨ ਦੀ ਪਹਿਚਾਣ ਤਕ ਨਹੀਂ ਜੁਟਾ ਸਕੀ ਹੈ ਤੇ ਇਹ ਤੱਥ ਅੱਜ ਵੀ ਅਣਸੁਲਝੀ ਪਹੇਲੀ ਹੀ ਹੈ ਕਿ ਕਾਤਲਾਂ ਵਲੋਂ ਇਸ ਕਤਲ ਇੰਨੀ ਬੇਰਹਿਮੀ ਨਾਲ ਅੰਜਾਮ ਦੇਣ ਪਿੱਛੇ ਕੀ ਕਾਰਨ ਸੀ ਤੇ ਇਸ ਕਤਲ ਕੀਤਾ ਜਾਣ ਵਾਲਾ ਨੌਜਵਾਨ ਕੌਣ ਹੈ ਤੇ ਕਿਥੋਂ ਦਾ ਵਸਨੀਕ ਹੈ?
ਕਤਲ ਦੀ ਵਾਰਦਾਤ ਤੋਂ ਇਕ ਗੱਲ ਸਪਸ਼ੱਟ ਹੈ ਕਿ ਕਾਤਲ ਸਾਰੀ ਪਲਾਨਿੰਗ ਪਹਿਲਾਂ ਹੀ ਕਰ ਕੇ ਆਏ ਸਨ ਤੇ ਤੇਜ਼ਾਬ ਉਨ੍ਹਾਂ ਕੋਲ ਪਹਿਲਾਂ ਹੀ ਮੌਜੂਦ ਸੀ, ਜਿਸ ਦਾ ਇਸਤੇਮਾਲ ਉਨ੍ਹਾਂ ਕਤਲ ਕਰਨ ਤੋਂ ਬਾਅਦ ਕੀਤਾ। ਕਾਤਲਾਂ ਵਲੋਂ ਲਾਸ਼ ਨੂੰ ਰੇਲਵੇ ਟਰੈਕ 'ਤੇ ਸੁੱਟਣ ਦੇ ਮਾਮਲੇ 'ਚ ਪੁਲਸ ਦਾ ਮੰਨਣਾ ਹੈ ਕਿ ਕਾਤਲ ਚਾਹੁੰਦੇ ਤਾਂ ਲਾਸ਼ ਕਿਸੇ ਸੁਨਸਾਨ ਜਗ੍ਹਾ 'ਤੇ ਵੀ ਸੁੱਟ ਸਕਦੇ ਸਨ ਪਰ ਉਨ੍ਹਾਂ ਰੇਲਵੇ ਟਰੈਕ ਨੂੰ ਇਸ ਲਈ ਚੁਣਿਆ ਤਾਂ ਜੋ ਇਹ ਕਤਲ ਪਹਿਲੀ ਨਜ਼ਰ 'ਚ ਰੇਲਵੇ ਹਾਦਸਾ ਲੱਗੇ। 
 

ਬੇਰਹਿਮੀ ਕਤਲ ਕਰ ਕੀਤੀ ਸੀ ਪਹਿਚਾਣ ਮਿਟਾਉਣ ਦੀ ਕੋਸ਼ਿਸ਼
ਦੱਸ ਦੇਈਏ ਕਿ ਫਗਵਾੜਾ 'ਚ  2 ਮਹੀਨੇ ਪਹਿਲਾਂ 1 ਨੌਜਵਾਨ ਦਾ ਅਣਪਛਾਤੇ ਕਾਤਲਾਂ ਵਲੋਂ ਕੁੱਟਮਾਰ ਕਰਨ ਤੋਂ ਬਾਅਦ ਉਸ ਦਾ ਤੇਜ਼ਧਾਰ ਹਥਿਆਰਾਂ ਨਾ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਪਹਿਚਾਣ ਮਿਟਾਉਣ ਲਈ ਉਸ ਦੇ ਚਿਹਰੇ 'ਤੇ ਤੇਜ਼ਾਬ ਪਾ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਸਾੜ ਦਿੱਤਾ  ਸੀ ਤੇ ਜਦ ਉਨ੍ਹਾਂ ਦਾ ਇਸ ਨਾਲ ਵੀ ਦਿਲ ਨਾ ਭਰਿਆ ਤਾਂ ਉਸ ਦੀ ਪਹਿਨੀ ਹੋਈ ਸ਼ਰਟ ਉਸ ਦੇ ਚਿਹਰੇ 'ਤੇ ਰੱਖ ਅੱਗ ਲਗਾ ਦਿੱਤੀ ਸੀ।
ਕਾਤਲਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੰਮੀ ਦੂਰੀ ਤਕ ਜ਼ਮੀਨ 'ਤੇ ਘੜੀਸਦੇ ਹੋਏ ਉਸ ਦੀ ਲਾਸ਼ ਨੂੰ ਫਗਵਾੜਾ ਰੇਲਵੇ ਸਟੇਸ਼ਨ ਤੇ ਖੇੜਾ ਰੇਲਵੇ ਫਾਟਕ ਦੇ ਵਿਚਕਾਰ ਮੇਨ ਫਗਵਾੜਾ-ਲੁਧਿਆਣਾ ਰੇਲ ਟਰੈਕ 'ਤੇ ਗੋਬਿੰਦਪੁਰਾ ਦੇ ਨੇੜੇ ਲਾਵਾਰਿਸ ਹਾਲਤ 'ਚ ਕਤਲਕਾਂਡ ਨੂੰ ਹਾਦਸੇ ਦਾ ਰੂਪ ਦੇਣ ਦੇ ਮਕਸਦ ਨਾਲ ਸੁੱਟ ਦਿੱਤਾ ਸੀ। ਉਕਤ ਕਤਲਕਾਂਡ ਨੂੰ ਲੈ ਕੇ ਰੇਲਵੇ ਪੁਲਸ ਫਗਵਾੜਾ ਨੇ ਅਣਪਛਾਤੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ 'ਚ ਆਨ ਰਿਕਾਰਡ ਅਣਪਛਾਤੇ ਕਾਤਲਾਂ ਖਿਲਾਫ ਧਾਰਾ 302, 201, 34 ਆਈ. ਪੀ . ਸੀ. ਦੇ ਤਹਿਤ ਪੁਲਸ ਕੇਸ ਦਰਜ ਕੀਤਾ ਹੋਇਆ ਹੈ।
 

ਇਹ ਹੋਇਆ ਸੀ ਲਾਸ਼ ਦੇ ਕੋਲੋਂ ਬਰਾਮਦ
ਕਤਲਕਾਂਡ ਦੀ ਜਾਂਚ ਕਰ ਰਹੀ ਰੇਲਵੇ ਪੁਲਸ ਦੀ ਟੀਮ ਨੂੰ ਮੌਕੇ ਤੋਂ ਕਤਲ ਕਰਨ 'ਚ ਇਸਤੇਮਾਲ ਕੀਤੀ ਗਈ ਖੂਨ ਨਾਲ ਲਥਪਥ 2 ਰੱਸੀਆਂ, ਮ੍ਰਿਤਕ ਨੌਜਵਾਨ ਵਲੋਂ ਪਹਿਨੇ ਹੋਏ ਬਾਟਾ ਦੇ ਬੂਟ, ਅੱਗ ਨਲਾ ਜਲਾਈ ਜਾ ਚੁੱਕੀ ਉਸ ਦੀ ਕਮੀਜ਼ ਦੇ ਅੱਧ ਜਲੇ ਟੁੱਕੜੇ, 1 ਜੀਨ ਪੈਂਟ ਤੇ ਉਸ ਦੀਆਂ ਜੁਰਾਬਾਂ ਬਰਾਮਦ ਹੋਈਆਂ ਸਨ ਪਰ ਮ੍ਰਿਤਕ ਦਾ ਕਤਲ ਕੁੱਟਮਾਰ ਕਰ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਨਾਲ ਜ਼ਖਮੀ ਕਰਨ ਤੋਂ ਬਾਅਦ ਉਸ ਦੇ ਕਤਲ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਰੇਲਵੇ ਪੁਲਸ ਅਜੇ ਤਕ ਕੁਝ ਵੀ ਪਤਾ ਨਹੀਂ ਲਗਾ ਸਕੀ।