ਪੰਜਾਬ ਪੁਲਸ ਦਾ ਟ੍ਰੈਫਿਕ ਵਿੰਗ ਆਈ. ਆਈ. ਟੀ. ਦਿੱਲੀ ਨਾਲ ਮਿਲ ਕੇ ਕਰੇਗਾ ਕੰਮ

02/05/2020 11:24:33 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦਾ ਟ੍ਰੈਫਿਕ ਵਿੰਗ ਸੂਬੇ 'ਚ ਆਈ. ਆਈ. ਟੀ. ਦਿੱਲੀ ਦੇ ਸਹਿਯੋਗ ਨਾਲ ਸੰਯੁਕਤ ਰਾਸਟਰ ਦੇ ਟਰਾਂਸਪੋਰਟ ਅਤੇ ਵਾਤਾਵਰਣ ਨਾਲ ਜੁੜੇ ਸਥਾਈ ਵਿਕਾਸ ਮੁਖੀ ਟੀਚਿਆਂ ਨੂੰ ਲਾਗੂ ਕਰੇਗਾ। ਇਹ ਪਹਿਲਕਦਮੀ ਏ. ਡੀ. ਜੀ. ਪੀ. (ਟ੍ਰੈਫਿਕ), ਡਾ. ਸ਼ਰਦ ਐਸ ਚੌਹਾਨ ਦੀ ਪਹਿਲ 'ਤੇ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਪੁਲਸ ਦਾ ਟ੍ਰੈਫਿਕ ਵਿੰਗ ਆਵਾਜਾਈ ਅਤੇ ਸੜਕ ਸੁਰੱਖਿਆ ਦੇ ਖੇਤਰਾਂ 'ਚ ਟੀ. ਆਰ. ਆਈ. ਪੀ. ਪੀ., ਆਈ. ਆਈ. ਟੀ. ਦਿੱਲੀ ਨਾਲ ਮਿਲ ਕੇ ਕੰਮ ਕਰੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਆਈ. ਆਈ. ਟੀ. ਦਿੱਲੀ ਨੇ ਟ੍ਰੈਫਿਕ ਅਤੇ ਸੜਕ ਸੁਰੱਖਿਆ 'ਚ ਸੁਧਾਰ ਕਰਨ ਲਈ ਜਾਪਾਨ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ ਆਫ ਟ੍ਰੈਫਿਕ ਸੇਫਟੀ ਐਂਡ ਸਾਇੰਸਿਜ਼ ਦੇ ਸਹਿਯੋਗ ਨਾਲ ਪੰਜਾਬ ਦੇ ਤਿੰਨ ਸ਼ਹਿਰਾਂ ਐਸ. ਏ. ਐੱਸ. ਨਗਰ ਮੋਹਾਲੀ, ਹੁਸ਼ਿਆਰਪੁਰ ਅਤੇ ਬਠਿੰਡਾ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਟੀਚਾ ਇਨ੍ਹਾਂ ਸ਼ਹਿਰਾਂ 'ਚ ਟ੍ਰੈਫਿਕ ਸੁਰੱਖਿਆ ਸਬੰਧੀ ਵੱਡੀਆਂ ਮੁਸ਼ਕਲਾਂ ਦੀ ਪਛਾਣ ਕਰਨਾ ਹੈ, ਜਿਸ 'ਚ ਯਾਤਰਾ ਦੇ ਨਮੂਨਿਆਂ ਸਬੰਧੀ ਦਸਤਾਵੇਜ਼ ਅਤੇ ਟਰੈਫਿਕ ਸੁਰੱਖਿਆ ਦੇ ਮੁੱਦੇ ਸ਼ਾਮਲ ਹਨ।

ਇਸ ਤੋਂ ਇਲਾਵਾ, ਸਥਾਨਕ ਭਾਈਵਾਲਾਂ ਨਾਲ ਸਲਾਹ ਮਸ਼ਵਰਾ ਕਰਕੇ ਸੰਭਵ ਉਪਾਅ ਨੂੰ ਪਹਿਲ ਦੇਣ ਅਤੇ ਐਸ. ਡੀ. ਜੀਜ਼ ਦੇ ਅਧਾਰ 'ਤੇ ਤਿੰਨ ਸ਼ਹਿਰਾਂ ਦੀਆਂ ਰਿਪੋਰਟਾਂ ਪ੍ਰਕਾਸ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪ੍ਰੋਗਰਾਮ 7 ਅਤੇ 8 ਫਰਵਰੀ ਨੂੰ ਦਿੱਲੀ 'ਚ ਸ਼ੁਰੂ ਕੀਤਾ ਜਾਵੇਗਾ, ਜਿਸ 'ਚ ਗਜਟਿਡ ਅਧਿਕਾਰੀਆਂ ਦੀ ਅਗਵਾਈ 'ਚ ਪੰਜਾਬ ਪੁਲਸ ਦੀ ਟੀਮ ਨੂੰ ਪੰਜਾਬ ਦੇ ਟ੍ਰੈਫਿਕ ਸਲਾਹਕਾਰ ਸਮੇਤ ਸਿਖਲਾਈ ਦਿੱਤੀ ਜਾਵੇਗੀ।

Babita

This news is Content Editor Babita