ਪੰਜਾਬ ਪੁਲਸ ਲੋਕਾਂ ਨੂੰ ਪੈਸੇ ਵੀ ਦਿੰਦੀ ਹੈ!

11/20/2017 7:37:05 AM

ਜਲੰਧਰ, (ਸ਼ੋਰੀ)- ਆਮ ਤੌਰ 'ਤੇ ਤਾਂ ਪੰਜਾਬ ਪੁਲਸ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਕੁਝ ਮੁਲਾਜ਼ਮ ਲੋਕਾਂ ਕੋਲੋਂ ਗਲਤ ਤਰੀਕੇ ਨਾਲ ਪੈਸੇ ਲੈ ਕੇ ਸਬੰਧਤ ਵਿਭਾਗ ਦਾ ਕੰਮ ਖਰਾਬ ਕਰਦੇ ਹਨ ਪਰ ਕੁਝ ਅਜਿਹੇ ਮੁਲਾਜ਼ਮ ਵੀ ਹਨ, ਜੋ ਕਿ ਆਪਣੀ ਜੇਬ 'ਚੋਂ ਪੈਸੇ ਲੋੜਵੰਦ ਲੋਕਾਂ ਨੂੰ ਦੇਣ ਤੋਂ ਗੁਰੇਜ਼ ਨਹੀਂ ਕਰਦੇ। 
ਥਾਣਾ ਨੰਬਰ-4 'ਚ ਅੱਜ ਦੁਪਹਿਰ ਵੇਲੇ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ। ਦਰਅਸਲ ਮੁਕੇਰੀਆਂ ਤੋਂ ਪਲਵਿੰਦਰ ਕੌਰ ਨਾਂ ਦੀ ਔਰਤ ਬੇਟੇ ਅਤੇ ਬੇਟੀ ਨਾਲ ਜਲੰਧਰ ਆਪਣੇ ਬੀਮਾਰ ਪਰਿਵਾਰਕ ਮੈਂਬਰਾਂ ਦਾ ਹਸਪਤਾਲ ਹਾਲਚਾਲ ਪੁੱਛਣ ਆਈ ਸੀ। ਰੈਣਕ ਬਾਜ਼ਾਰ ਕੋਲ ਜਿਵੇਂ ਹੀ ਪਲਵਿੰਦਰ ਕੌਰ ਲੰਘ ਰਹੀ ਸੀ ਤਾਂ ਉਸ ਦੇ ਹੱਥ 'ਚ ਫੜੇ ਲਿਫਾਫੇ ਵਿਚ ਕਿਸੇ ਨੇ ਬਲੇਡ ਮਾਰ ਕੇ ਉਸ ਦਾ ਪਰਸ ਕੱਢ ਲਿਆ। ਪਰਸ 'ਚ ਲਗਭਗ 3800 ਰੁਪਏ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ। ਪੀੜਤ ਪਲਵਿੰਦਰ ਕੌਰ ਤੁਰੰਤ ਥਾਣਾ ਨੰਬਰ-4 'ਚ ਪਹੁੰਚੀ ਅਤੇ ਪੁਲਸ ਨੂੰ ਆਪ-ਬੀਤੀ ਦੱਸੀ। ਪੀੜਤਾ ਪਲਵਿੰਦਰ ਕੌਰ ਨੇ ਵਾਪਸ ਬੱਸ ਰਾਹੀਂ ਆਪਣੇ ਬੱਚਿਆਂ ਨਾਲ ਮੁਕੇਰੀਆਂ ਜਾਣਾ ਸੀ ਪਰ ਉਸ ਕੋਲ ਪੈਸੇ ਨਹੀਂ ਸਨ। ਉਹ ਪੁਲਸ ਅਧਿਕਾਰੀਆਂ ਨੂੰ ਬੋਲੀ ਕਿ ਉਸ ਨੇ ਆਪਣੀ ਸੋਨੇ ਦੀ ਚੇਨ ਕਿਸੇ ਕੋਲ ਗਿਰਵੀ ਰੱਖਣੀ ਹੈ, ਕੀ ਉਨ੍ਹਾਂ ਨੂੰ ਕਿਸੇ ਸੁਨਿਆਰੇ ਦੀ ਦੁਕਾਨ ਦਾ ਪਤਾ ਹੈ ਤਾਂ ਉਹ ਦੱਸਣ। ਇਹ ਸੁਣ ਕੇ ਏ. ਐੱਸ. ਆਈ. ਬਸੰਤ ਸਿੰਘ ਅਤੇ ਜਗੀਰ ਸਿੰਘ ਨੇ ਆਪਣੀ ਜੇਬ 'ਚੋਂ ਕਰੀਬ 300 ਰੁਪਏ ਕੱਢੇ ਅਤੇ ਪੀੜਤਾ ਨੂੰ ਦਿੱਤੇ ਤਾਂ ਕਿ ਉਹ ਬੱਚਿਆਂ ਨਾਲ ਬੱਸ ਰਾਹੀਂ ਵਾਪਸ ਘਰ ਜਾ ਸਕੇ। ਇਸ ਦੌਰਾਨ ਪਲਵਿੰਦਰ ਕੌਰ ਪੁਲਸ ਮੁਲਾਜ਼ਮਾਂ ਨੂੰ ਦੁਆਵਾਂ ਦਿੰਦੀ ਨਜ਼ਰ ਆ ਰਹੀ ਸੀ। ਉੱਥੇ ਹੀ ਥਾਣਾ ਨੰਬਰ-4 'ਚ ਤਾਇਨਾਤ ਐੱਸ. ਐੱਚ. ਓ. ਨਿਰਮਲ ਸਿੰਘ ਨੇ ਜਦੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਥਾਣੇ 'ਚ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਕਹਿ ਰੱਖਿਆ ਹੈ ਕਿ ਉਹ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਾ ਹਟਣ।