ਔਰਤਾਂ ਦੀਆਂ ਗੁੱਤਾਂ ''ਤੇ ਪੰਜਾਬ ਪੁਲਸ ਦਾ ਪਹਿਰਾ!

08/06/2017 12:55:01 PM

ਬਠਿੰਡਾ (ਪਰਮਿੰਦਰ)-ਗੁੱਤ ਕੱਟਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵਿਸ਼ਵਾਸ ਦਿਵਾਉਣ ਲਈ ਜ਼ਿਲਾ ਪੁਲਸ ਵੱਲੋਂ ਸ਼ਹਿਰ 'ਚ ਇਕ ਫਲੈਗ ਮਾਰਚ ਕੀਤਾ ਗਿਆ। ਮਾਰਚ 'ਚ ਸਾਰੇ ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਪੀ. ਸੀ. ਆਰ. ਟੀਮਾਂ ਨੇ ਭਾਗ ਲਿਆ। 
ਫਲੈਗ ਮਾਰਚ ਸਵੇਰੇ ਪੁਲਸ ਲਾਈਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬੱਸ ਸਟੈਂਡ, ਫੌਜੀ ਚੌਕ, ਹਨੂਮਾਨ ਚੌਕ, ਮਾਲ ਰੋਡ, ਫਾਇਰ ਬਿਗ੍ਰੇਡ ਚੌਕ, ਰੇਲਵੇ ਸਟੇਸ਼ਨ ਤੋਂ ਇਲਾਵਾ ਪਰਸ ਰਾਮ ਨਗਰ ਚੌਕ, ਠੰਡੀ ਸੜਕੀ ਤੋਂ ਹੁੰਦੇ ਹੋਏ ਵਾਪਸ ਪੁਲਸ ਲਾਈਨ 'ਚ ਆ ਕੇ ਸੰਪੰਨ ਹੋਇਆ। ਇਸ ਮੌਕੇ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਪੁਲਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ, ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਜਾਂ ਲੋਕਾਂ ਵਿਚ ਦਹਿਸ਼ਤ ਫੈਲਾਉਣ ਵਾਲਿਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। 
ਆਜ਼ਾਦੀ ਦਿਹਾੜੇ 'ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਤੇ ਲੋਕਾਂ ਦੇ ਦਿਲਾਂ 'ਚੋਂ ਡਰ ਖ਼ਤਮ ਕਰਨ ਲਈ ਡੀ. ਐੱਸ. ਪੀ. ਗੋਪਾਲ ਭੰਡਾਰੀ ਤੇ ਐੱਸ. ਪੀ. ਭੁਪਿੰਦਰ ਸਿੰਘ ਦੀ ਅਗਵਾਈ 'ਚ ਚਾਰ ਥਾਣਿਆਂ ਥਾਣਾ ਸਦਰ, ਥਾਣਾ ਕੋਟਫੱਤਾ, ਥਾਣਾ ਸੰਗਤ ਤੇ ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਇਲਾਕੇ ਦੇ 22 ਪਿੰਡਾਂ 'ਚ ਵਾਹਨਾਂ 'ਤੇ ਇਹ ਫਲੈਗ ਮਾਰਚ ਕੱਢਿਆ ਗਿਆ। 
ਇਸ ਮੌਕੇ ਡੀ. ਐੱਸ. ਪੀ. ਗੋਪਾਲ ਭੰਡਾਰੀ ਨੇ ਕਿਹਾ ਕਿ 15 ਅਗਸਤ ਆਜ਼ਾਦੀ ਦਿਹਾੜੇ 'ਤੇ ਹਰ ਹੀਲੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਕੱਢਣ ਦਾ ਮੁੱਖ ਮਕਸਦ ਅੱਗੇ ਆ ਰਹੇ ਤਿਉਹਾਰਾਂ ਮੌਕੇ ਲੋਕਾਂ ਦੇ ਦਿਲਾਂ 'ਚੋਂ ਡਰ ਨੂੰ ਬਾਹਰ ਕੱਢ ਕੇ ਪੁਲਸ ਨਾਲ ਦੋਸਤੀ ਵਧਾਉਣਾ ਹੈ।