ਪੁਲਸ ਭਰਤੀ : ''ਡੋਪ ਟੈਸਟ'' ''ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਜਾਣੋ 8250 ਨੌਜਵਾਨਾਂ ''ਚੋਂ ਕਿੰਨੇ ਨਸ਼ੇੜੀ

07/29/2016 12:33:53 AM

ਜਲੰਧਰ : ਪੰਜਾਬ ਪੁਲਸ ਦੀ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਭਰਤੀ ਦੌਰਾਨ ਨੌਜਵਾਨਾਂ ਦੇ ਹੋਣ ਵਾਲੇ ਡੋਪ ਟੈਸਟ ਰਾਹੀਂ ਪਤਾ ਲੱਗ ਜਾਵੇਗਾ ਕਿ ਸੂਬੇ ''ਚ ਨਸ਼ਾ ਨਾ ਮਾਤਰ ਹੀ ਹੈ ਪਰ ਬੁੱਧਵਾਰ ਨੂੰ ਜਦੋਂ ਸੂਬੇ ਭਰ ''ਚ ਟ੍ਰਾਇਲ ਦੇਣ ਆਏ 8250 ਉਮੀਦਵਾਰਾਂ ਦਾ ਡੋਪ ਟੈਸਟ ਕੀਤਾ ਗਿਆ ਤਾਂ ''ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ'' ਹੋ ਗਿਆ। ਇਨ੍ਹਾਂ ਉਮੀਦਵਾਰਾਂ ''ਚੋਂ 368 ਇਸ ਟੈਸਟ ''ਚੋਂ ਫੇਲ ਹੋ ਗਏ। ਸਿਰਫ ਇੰਨਾ ਹੀ ਨਹੀਂ ਨੌਜਵਾਨਾਂ ਨੂੰ ਡੋਪ ਟੈਸਟ ਦਾ ਡਰ ਇੰਨਾ ਮਾਰ ਗਿਆ ਕਿ 1938 ਨੌਜਵਾਨ ਤਾਂ ਟ੍ਰਾਇਲ ਦੇਣ ਹੀ ਨਹੀਂ ਪਹੁੰਚੇ। ਭਰਤੀ ਹੋਣ ਆਏ ਨੌਜਵਾਨਾਂ ਦੇ ਯੂਰੀਨ ਦੇ ਸੈਂਪਲ ''ਚ ਮਨਾਹੀ ਵਾਲੀਆਂ ਦਵਾਈਆਂ ਦੇ ਅੰਸ਼ ਪਾਏ ਜਾਣ ਕਾਰਨ ਇਨ੍ਹਾਂ ਨੂੰ ਡੋਪ ਟੈਸਟ ''ਚ ਪਾਜ਼ੀਵਿਟ ਕਰਾਰ ਦਿੱਤਾ ਗਿਆ। 
ਡੋਪ ਟੈਸਟ ''ਚੋਂ ਸਭ ਤੋਂ ਜ਼ਿਆਦਾ ਫੇਲ ਹੋਣ ਵਾਲੇ ਨੌਜਵਾਨ ਮਾਲਵਾ ਖੇਤਰ ਨਾਲ ਸੰਬੰਧਿਤ ਹਨ। ਇਨ੍ਹਾਂ ''ਚੋਂ ਮੁਕਤਸਰ, ਮੋਗਾ ਅਤੇ ਫਿਰੋਜ਼ਪੁਰ ''ਚ 59 ਨੌਜਵਾਨ, ਦੂਜੇ ਨੰਬਰ ''ਤੇ ਮਾਨਸਾ ਅਤੇ ਜਲੰਧਰ ''ਚ 18 ਨੌਜਵਾਨ, ਬਠਿੰਡਾ, ਫਰੀਦਕੋਟ ਅਤੇ ਸੰਗਰੂਰ ''ਚ 17-17 ਨੌਜਵਾਨ ਡੋਪ ਟੈਸਟ ''ਚੋਂ ਫੇਲ ਹੋ ਗਏ, ਜਦੋਂ ਕਿ ਸਭ ਤੋਂ ਘੱਟ ਲੁਧਿਆਣਾ ਅਤੇ ਹੁਸ਼ਿਆਰਪੁਰ ''ਚ 4-4 ਫੇਲ ਹੋ ਗਏ। ਇਸ ਤੋਂ ਇਲਾਵਾ ਨਵਾਂਸ਼ਹਿਰ ''ਚ 8, ਰੋਪੜ ''ਚ 5 ਕੇਸ ਪਾਜ਼ੀਟਿਵ ਪਾਏ ਗਏ।
ਫੇਲ ਹੋਣ ਵਾਲਿਆਂ ਨੂੰ ਫਿਰ ਮਿਲੇਗਾ ਮੌਕਾ
ਡੋਪ ਟੈਸਟ ''ਚੋਂ ਫੇਲ ਹੋਣ ਵਾਲੇ ਨੌਜਵਾਨਾਂ ਨੇ ਇਸ ਪ੍ਰਕਿਰਿਆ ''ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਰੀ-ਅਪੀਅਰ ਫਾਰਮ ਭਰ ਕੇ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿਵਲ ਦਾ ਮੈਡੀਕਲ ਬੋਰਡ ਹੁਣ ਇਨ੍ਹਾਂ ਨੌਜਵਾਨਾਂ ਦਾ ਟੈਸਟ ਕਰੇਗਾ। 
ਨਹੀਂ ਹੋਵੇਗੀ ਕੋਈ ਕਾਰਵਾਈ, ਸਗੋਂ ਕਰਾਇਆ ਜਾਵੇਗਾ ਇਲਾਜ
ਡੋਪ ਟੈਸਟ ''ਚੋਂ ਫੇਲ ਹੋਣ ਵਾਲੇ ਨੌਜਵਾਨਾਂ ''ਤੇ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਉਨ੍ਹਾਂ ਦਾ ਇਲਾਜ ਕਰਾਇਆ ਜਾਵੇਗਾ। ਇਸ ਸੰਬੰਧੀ ਭਰਤੀ ਦੇ ਮੁੱਖ ਨੋਡਲ ਅਧਿਕਾਰੀ ਏ. ਡੀ. ਜੀ. ਪੀ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਦੌੜ ਲਈ ਨਸ਼ਾ ਨਹੀਂ ਕੀਤਾ ਹੋਵੇਗਾ ਅਤੇ ਥੋੜੀ ਮਾਤਰਾ ''ਚ ਡਰੱਗ ਲੈਂਦੇ ਹੋਣਗੇ, ਉਨ੍ਹਾਂ ਦਾ ਇਲਾਜ ਕਰਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਇਸੇ 2 ਮਹੀਨਿਆਂ ਦੀ ਭਰਤੀ ਪ੍ਰਕਿਰਿਆ ਦੌਰਾਨ ਵਿਸ਼ੇਸ਼ ਮੌਕਾ ਦਿੱਤਾ ਜਾਵੇਗਾ। ਇਲਾਜ ਦੌਰਾਨ ਇਹ ਪਤਾ ਲਾਇਆ ਜਾਵੇਗਾ ਕਿ ਕਿਹੜਾ ਨੌਜਵਾਨ ਕਿਸ ਤਰ੍ਹਾਂ ਦਾ ਨਸ਼ਾ ਕਰਦਾ ਹੈ ਅਤੇ ਫਿਰ ਉਸੇ ਹਿਸਾਬ ਨਾਲ ਉਸ ਦਾ ਇਲਾਜ ਕੀਤਾ ਜਾਵੇਗਾ। 

Babita Marhas

This news is News Editor Babita Marhas