ਇਨੋਵਾ ਕਾਰ ਨੂੰ ਅੱਗ ਲਾਉਣ ਦੇ ਮਾਮਲੇ ''ਚ ਪੰਜਾਬ ਪੁਲਸ ਦਾ ਕਾਂਸਟੇਬਲ ਗ੍ਰਿਫਤਾਰ

11/18/2017 8:07:30 AM

ਚੰਡੀਗੜ੍ਹ, (ਸੰਦੀਪ)- ਸੈਕਟਰ-15 'ਚ ਘਰ ਦੇ ਬਾਹਰ ਖੜ੍ਹੀ ਇਨੋਵਾ ਕਾਰ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਅੱਗ ਲਾਉਣ ਦੇ ਮਾਮਲੇ 'ਚ ਪੁਲਸ ਨੇ ਪਟਿਆਲਾ ਜੇਲ 'ਚ ਤਾਇਨਾਤ ਕਾਂਸਟੇਬਲ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਕਾਰ ਦੇ ਮਾਲਕ ਦੀ ਸ਼ਿਕਾਇਤ 'ਤੇ ਸੈਕਟਰ-11 ਥਾਣਾ ਪੁਲਸ ਨੇ ਕੇਸ ਦਰਜ ਕੀਤਾ ਸੀ। 
ਮੁਲਜ਼ਮ ਦੀ ਪਛਾਣ ਕਪੂਰਥਲਾ ਵਾਸੀ ਕੰਵਰਪਾਲ ਦੇ ਰੂਪ 'ਚ ਹੋਈ।  ਪੁਲਸ ਸੂਤਰਾਂ ਮੁਤਾਬਿਕ ਉਹ ਆਪਣੀ ਦੋਸਤ ਨੂੰ ਮਿਲਣ ਆਉਂਦਾ ਸੀ। ਗੱਡੀ ਖੜ੍ਹੀ ਕਰਨ ਦੇ ਚੱਕਰ 'ਚ ਸ਼ਿਕਾਇਤਕਰਤਾ ਨੇ ਉਸ ਨੂੰ ਫਿਟਕਾਰ ਲਾਈ ਸੀ ਤੇ ਇਸੇ ਕਾਰਨ ਉਸਨੇ ਸ਼ਿਕਾਇਤਕਰਤਾ ਦੀ ਕਾਰ ਨੂੰ ਅੱਗ ਲਾ ਦਿੱਤੀ। ਜ਼ਿਕਰਯੋਗ ਹੈ ਕਿ ਸੈਕਟਰ-15 ਵਾਸੀ ਸਈਯਦ ਹਸਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਘਰ ਦੇ ਬਾਹਰ ਖੜ੍ਹੀ ਉਸਦੀ ਗੱਡੀ ਨੂੰ ਕਿਸੇ ਨੇ ਅੱਗ ਲਾ ਦਿੱਤੀ ਹੈ। ਕਾਰ ਨੂੰ ਇਕ ਨੌਜਵਾਨ ਤੇਲ ਛਿੜਕ ਕੇ ਅੱਗ ਲਾਉਂਦੇ ਹੋਏ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਸੀ।