ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਸਹਾਇਤਾ ਪ੍ਰਾਪਤ ਕੱਟੜਪੰਥੀ ਨੌਜਵਾਨ ਗ੍ਰਿਫ਼ਤਾਰ

04/05/2018 9:27:50 PM

ਮੋਹਾਲੀ (ਕੁਲਦੀਪ)-ਪੰਜਾਬ ਪੁਲਸ ਨੇ ਉੱਚ ਸਿੱਖਿਆ ਹਾਸਲ ਕੱਟੜਪੰਥੀ ਨੌਜਵਾਨ ਇੰਦਰਜੀਤ ਸਿੰਘ ਉਰਫ਼ ਰਿੰਕੂ, ਜਿਸ ਨੇ ਪਾਕਿਸਤਾਨ ਦੀ ਏਜੰਸੀ ਆਈ.ਐੱਸ.ਆਈ. ਦੀ ਸਹਾਇਤਾ ਨਾਲ ਦੇਸੀ ਬੰਬ ਬਣਾਉਣ ਦੀ ਸਿਖਲਾਈ ਹਾਸਲ ਕੀਤੀ ਸੀ, ਨੂੰ ਗ੍ਰਿਫਤਾਰ ਕਰਕੇ ਸੂਬੇ ਅੰਦਰ ਹੋਣ ਵਾਲੇ ਇਕ ਵੱਡੇ 'ਲੋਨ ਵੁਲਫ਼ ਅਟੈਕ' ਨੂੰ ਠੱਲ ਪਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਇੰਜੀਨਿਅਰਿੰਗ ਵਿਚ ਗ੍ਰੈਜੂਏਟ ਅਤੇ ਐੱਮ.ਬੀ.ਏ. ਪਾਸ ਇੰਦਰਜੀਤ ਸਿੰਘ ਫਰੀਦਾਬਾਦ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਬੁੱਧਵਾਰ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅੱਜ ਉਸ ਨੂੰ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਹੁਣ ਉਸ ਨੂੰ ਫਿਰ 7 ਅਪ੍ਰੈਲ ਨੂੰ ਪੇਸ਼ ਕੀਤਾ ਜਾਵੇਗਾ।
ਪੁਲਸ ਨੇ ਮੁਲਜ਼ਮ ਦੀ ਫੋਰਡ ਫੀਗੋ ਐੱਸਪਾਇਰ ਕਾਰ ਨੰਬਰ ਐੱਚ. ਆਰ. 01 ਏ.ਆਰ. 5972 ਵਿਚੋਂ ਰਸਾਇਣਾਂ ਅਤੇ ਆਧੁਨਿਕ ਇਲੈਕਟ੍ਰਾਨਿਕ ਰਿਮੋਟ ਕੰਟਰੋਲ ਸਮੇਤ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਪੁਲਸ ਦੇ ਇਕ ਬੁਲਾਰੇ ਅਨੁਸਾਰ ਸ਼ੱਕੀ ਦੀ ਮੁੱਢਲੀ ਪੁੱਛਗਿਛ ਤੋਂ ਪਤਾ ਲੱਗਿਆ ਹੈ ਕਿ ਉਹ ਆਈ.ਐੱਸ.ਆਈ. ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਸੀ, ਜਿਸ ਵਲੋਂ ਉਸ ਨੂੰ ਇਥੇ ਮੁਹੱਈਆ ਰਸਾਇਣਾਂ ਤੇ ਕਲਪੁਰਜ਼ਿਆਂ ਤੋਂ ਤਿਆਰ ਦੇਸੀ ਬੰਬਾਂ ਨਾਲ ਪੰਜਾਬ ਵਿਚ ਧਮਾਕੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਸ ਨੇ ਇਹ ਸਮਾਨ ਮਾਰਕੀਟਿੰਗ ਵੈੱਬਸਾਈਟਾਂ ਰਾਹੀਂ ਪ੍ਰਾਪਤ ਕੀਤਾ।
ਉਸ ਦੇ ਕਬਜ਼ੇ 'ਚੋਂ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਵਿੱਚ ਡਿਜੀਟਲ ਰਿਮੋਟ ਕੰਟਰੋਲ (ਬਹੁਵਰਤੋਂ ਵਾਲਾ), 2 ਲਾਈਟ ਰਿਮੋਟ ਕੰਟਰੋਲ ਅਤੇ ਰਸਾਇਣਾਂ ਸਮੇਤ ਹੋਰ ਕਈ ਪਦਾਰਥ ਸ਼ਾਮਲ ਹਨ। ਇਹ ਧਮਾਕਾਖੇਜ਼ ਸਮੱਗਰੀ ਉਸ ਵੱਲੋਂ ਫਰੀਦਾਬਾਦ ਤੋਂ ਮੋਹਾਲੀ ਲਈ ਯਾਤਰਾ ਲਈ ਵਰਤੇ ਗਏ ਵਾਹਨ ਵਿਚੋਂ ਬਰਾਮਦ ਕੀਤੀ ਗਈ।
ਪੁੱਛਗਿਛ ਦੌਰਾਨ ਇੰਦਰਜੀਤ, ਜੋ ਮੌਜੂਦਾ ਸਮੇਂ ਫਰੀਦਾਬਾਦ ਵਿਖੇ ਜੇ.ਸੀ.ਬੀ. ਕੰਪਨੀ ਲਈ ਕੰਮ ਕਰ ਰਿਹਾ ਹੈ, ਨੇ ਦੱਸਿਆ ਕਿ ਫੇਸਬੁੱਕ 'ਤੇ 2 ਸਾਲ ਪਹਿਲਾਂ ਆਈ.ਐੱਸ.ਆਈ. ਨਾਲ ਸੰਪਰਕ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਉਨ੍ਹਾਂ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਅਤੇ ਡੀ.ਆਈ.ਵਾਈ. ਕਿੱਟਾਂ (ਡੂ ਇਟ ਯੂਰਸੈਲਫ, ਖੁਦ ਬੰਬ ਤਿਆਰ ਕਰਨ ਵਾਲੀ ਕਿੱਟ) ਦੀ ਮਦਦ ਨਾਲ ਬੰਬ ਬਣਾਉਣ ਦੇ ਤਰੀਕੇ ਸਿੱਖਦਾ ਰਹਿੰਦਾ ਸੀ।