ਪੁਲਸ ''ਚ ਮਹਿਲਾਵਾਂ ਦੀ ਨਫ਼ਰੀ ਵਧਾਉਣ ਲਈ ਪੜਾਅਵਾਰ ਭਰਤੀ ਕੀਤੀ ਜਾਵੇਗੀ

01/05/2018 7:38:45 AM

ਪਟਿਆਲਾ(ਬਲਜਿੰਦਰ)-ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਸ ਵਿਚ ਔਰਤਾਂ ਦੀ ਨਫ਼ਰੀ 7.5 ਫ਼ੀਸਦੀ ਹੈ। ਇਸ ਨੂੰ ਘੱਟੋ-ਘੱਟ 33 ਫ਼ੀਸਦੀ ਕਰਨ ਲਈ ਮਹਿਲਾ ਕਰਮਚਾਰੀਆਂ ਦੀ ਪੜਾਅਵਾਰ ਭਰਤੀ ਕੀਤੀ ਜਾਵੇਗੀ। ਸ਼੍ਰੀ ਅਰੋੜਾ ਪੰਜਾਬ ਪੁਲਸ ਵੱਲੋਂ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 'ਪੁਲਸ ਵਿਚ ਮਹਿਲਾਵਾਂ ਦੀ ਭੂਮਿਕਾ ਅਤੇ ਵਿਵਹਾਰਕ ਤਬਦੀਲੀ' ਵਿਸ਼ੇ ਉੱਪਰ ਕਰਵਾਈ ਗਈ ਪਹਿਲੀ ਜ਼ੋਨਲ ਮਹਿਲਾ ਪੁਲਸ ਕਾਨਫਰੰਸ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵਿਚ ਮਹਿਲਾ ਸਿਪਾਹੀਆਂ ਨੂੰ ਅੱਗੇ ਵਧਣ ਦੇ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ। ਹੋਰ ਵੱਡੀ ਗਿਣਤੀ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਥਾਣਾ ਮੁਖੀ, ਮਹਿਲਾ ਮੁਨਸ਼ੀ ਅਤੇ ਜਾਂਚ ਅਧਿਕਾਰੀ ਲਾਇਆ ਜਾਵੇਗਾ।
ਡੀ. ਜੀ. ਪੀ. ਸ਼੍ਰੀ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਆਮ ਲੋਕਾਂ ਅਤੇ ਖਾਸ ਕਰ ਕੇ ਔਰਤਾਂ ਵਿਚ ਪੁਲਸ ਪ੍ਰਤੀ ਵਿਸ਼ਵਾਸ ਬਰਕਰਾਰ ਰਹੇ ਅਤੇ ਮਹਿਲਾ ਪੁਲਸ ਕਰਮਚਾਰੀਆਂ ਦਾ ਆਤਮ-ਵਿਸ਼ਵਾਸ ਹੋਰ ਮਜ਼ਬੂਤ ਹੋਵੇ। ਉਹ ਪੀੜਤਾਂ ਨੂੰ ਇਨਸਾਫ਼ ਦੇਣ ਲਈ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਮਹਿਲਾ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੀ 'ਵਿਸਾਖਾ ਜੱਜਮੈਂਟ' ਸਮੇਤ ਹੋਰ ਅਹਿਮ ਕੇਸਾਂ ਦੇ ਫੈਸਲਿਆਂ ਬਾਬਤ ਜਾਣੂ ਕਰਵਾਉਣ ਲਈ ਪੁਲਸ ਸਿਖਲਾਈ ਦਾ ਹਿੱਸਾ ਬਣਾਇਆ ਜਾਵੇਗਾ ਤੇ ਜਬਰ-ਜ਼ਨਾਹ ਆਦਿ ਦੇ ਮਾਮਲਿਆਂ ਦੀ ਜਾਂਚ ਦਾ ਕੰਮ ਮਹਿਲਾ ਪੁਲਸ ਅਧਿਕਾਰੀਆਂ ਤੋਂ ਕਰਵਾਇਆ ਜਾਵੇਗਾ।