ਪੰਜਾਬ ਪੁਲਸ ਖੁਦ ਨਸ਼ੇ ਦੀ ਆਦੀ!

12/30/2017 6:02:38 AM

ਫਿਲੌਰ(ਭਾਖੜੀ)-ਸੂਬੇ ਦੀ ਸਭ ਤੋਂ ਵੱਡੀ ਪੰਜਾਬ ਪੁਲਸ ਅਕੈਡਮੀ ਫਿਲੌਰ ਜਿਥੇ ਦੇਸ਼-ਵਿਦੇਸ਼ ਤੋਂ ਸਿਪਾਹੀ ਤੋਂ ਲੈ ਕੇ ਆਈ. ਪੀ. ਐੱਸ. ਅਧਿਕਾਰੀ ਨੂੰ ਟਰੇਨਿੰਗ ਦੇ ਨਾਲ ਕਾਨੂੰਨ ਦਾ ਪਾਠ ਪੜ੍ਹਾਇਆ ਜਾਂਦਾ ਹੈ, ਬੀਤੇ ਦਿਨੀਂ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ, ਜਦੋਂ ਇਥੇ ਬੀਤੇ ਮਹੀਨੇ ਸਿਪਾਹੀ ਤੋਂ ਹੌਲਦਾਰ ਬਣਨ ਦੀ ਟਰੇਨਿੰਗ ਕਰ ਰਹੇ ਕੁਲਵੰਤ ਸਿੰਘ ਕੋਲੋਂ ਪੁਲਸ ਅਕੈਡਮੀ 'ਚ ਤਾਇਨਾਤ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਵੱਡੀ ਮਾਤਰਾ 'ਚ ਨਸ਼ੀਲਾ ਪਦਾਰਥ, ਜਿਸ ਵਿਚ 40 ਸ਼ੀਸ਼ੀਆਂ ਕੱਫ ਸਿਰਪ, 130 ਨਸ਼ੀਲੀਆਂ ਗੋਲੀਆਂ ਅਤੇ 1 ਕਿਲੋ ਤੋਂ ਵੱਧ ਚੂਰਾ-ਪੋਸਤ ਬਰਾਮਦ ਕਰ ਕੇ ਉਸ ਨੂੰ ਫਿਲੌਰ ਪੁਲਸ ਦੇ ਹਵਾਲੇ ਕਰ ਦਿੱਤਾ। ਖਾਕੀ ਦੀ ਇੱਜ਼ਤ ਨੂੰ ਬਚਾਉਣ ਲਈ ਸਥਾਨਕ ਪੁਲਸ ਨੇ ਗੁਪਤ ਤਰੀਕੇ ਨਾਲ ਟਰੇਨਿੰਗ ਕਰ ਰਹੇ ਆਪਣੇ ਸਾਥੀ ਪੁਲਸ ਮੁਲਾਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਪੱਤਰਕਾਰਾਂ ਤੋਂ ਬਚਾਉਂਦੇ ਹੋਏ ਜੇਲ ਭੇਜ ਦਿੱਤਾ। ਮਾਮਲਾ ਜੱਗ ਜ਼ਾਹਿਰ ਹੋਣ ਦੇ ਬਾਵਜੂਦ ਵੀ ਅਕੈਡਮੀ ਦੇ ਅਧਿਕਾਰੀ ਜਾਣਕਾਰੀ ਦੇਣ ਤੋਂ ਕਤਰਾਉਂਦੇ ਰਹੇ। ਹੈਰਾਨੀ ਦੀ ਗੱਲ ਹੈ ਕਿ ਜਿਸ ਪੰਜਾਬ ਪੁਲਸ ਦੇ ਮੋਢਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਜ਼ਿੰਮਾ ਸੌਂਪਿਆ ਹੋਇਆ ਹੈ, ਉਥੇ ਪੰਜਾਬ ਪੁਲਸ ਦੇ ਜ਼ਿਆਦਾਤਰ ਜਵਾਨ ਖੁਦ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ, ਜਿਸ ਕਾਰਨ ਟਰੇਨਿੰਗ ਕਰ ਰਹੇ ਮੁਲਾਜ਼ਮ ਦਾ ਇਹ ਧੰਦਾ ਅਕੈਡਮੀ 'ਚ ਖੂਬ ਵੱਧ-ਫੁੱਲ ਰਿਹਾ ਸੀ।
ਸਮੱਗਲਰ ਪੁਲਸ ਮੁਲਾਜ਼ਮ ਨੂੰ ਬਜ਼ੁਰਗ ਹੋਣ ਦਾ ਮਿਲ ਰਿਹਾ ਸੀ ਲਾਭ
ਜਾਣਕਾਰੀ ਅਨੁਸਾਰ ਪੰਜਾਬ ਪੁਲਸ ਅਕੈਡਮੀ 'ਚ ਟਰੇਨਿੰਗ 'ਤੇ ਆਏ ਮੁਲਾਜ਼ਮ ਕੁਲਵੰਤ ਸਿੰਘ ਦੀ ਉਮਰ ਵੱਧ ਹੋਣ ਕਾਰਨ ਉਸ ਦੀ ਦਾੜ੍ਹੀ-ਮੁੱਛਾਂ ਦੇ ਵਾਲ ਪੂਰੀ ਤਰ੍ਹਾਂ ਨਾਲ ਸਫੈਦ ਹੋ ਚੁੱਕੇ ਸਨ, ਜਿਸ ਕਾਰਨ ਕਿਸੇ ਨੂੰ ਉਸ 'ਤੇ ਨਸ਼ਾ ਸਮੱਗਲਰ ਹੋਣ ਦਾ ਸ਼ੱਕ ਨਹੀਂ ਰਿਹਾ ਸੀ। ਉਕਤ ਮੁਲਾਜ਼ਮ ਛੁੱਟੀ ਦੌਰਾਨ ਜਦੋਂ ਵੀ ਅਕੈਡਮੀ ਤੋਂ ਆਪਣੇ ਘਰ ਜਾਂਦਾ, ਉਸ ਦੀ ਦਵਾਈ ਵਿਕ੍ਰੇਤਾਵਾਂ ਨਾਲ ਚੰਗੀ ਮਿਲੀਭੁਗਤ ਸੀ ਤੇ ਉਹ ਬਾਹਰੋਂ ਹਰ ਤਰ੍ਹਾਂ ਦਾ ਨਸ਼ੀਲਾ ਪਦਾਰਥ ਲੈ ਕੇ ਵਾਪਸ ਅਕੈਡਮੀ ਵਿਚ ਦਾਖਲ ਹੁੰਦਾ ਤਾਂ ਬਜ਼ੁਰਗ ਹੋਣ ਕਾਰਨ ਚੈਕਿੰਗ ਦੌਰਾਨ ਮੁਲਾਜ਼ਮ ਉਸ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕਰਦੇ ਸਨ, ਜਿਸ ਕਾਰਨ ਉਹ ਆਸਾਨੀ ਨਾਲ ਨਸ਼ੀਲਾ ਪਦਾਰਥ ਅਕੈਡਮੀ ਵਿਚ ਲਿਜਾਣ ਵਿਚ ਕਾਮਯਾਬ ਹੋ ਜਾਂਦਾ ਅਤੇ ਟਰੇਨਿੰਗ 'ਤੇ ਆਏ ਪੁਲਸ ਮੁਲਾਜ਼ਮਾਂ ਨੂੰ, ਜੋ ਨਸ਼ੇ ਦੇ ਆਦੀ ਹੁੰਦੇ, ਨੂੰ ਦੁੱਗਣੇ ਰੇਟ 'ਤੇ ਵੇਚ ਕੇ ਮੋਟਾ ਮੁਨਾਫਾ ਕਮਾਉਂਦਾ ਸੀ।
ਕਿਸ ਤਰ੍ਹਾਂ ਭੱਜਾ ਕੁਲਵੰਤ ਸਿੰਘ ਦੇ ਸਮੱਗਲਰ ਹੋਣ ਦਾ ਭਾਂਡਾ
ਬੀਤੇ ਦਿਨੀਂ ਕੁਲਵੰਤ ਸਿੰਘ ਉਕਤ ਸਮੇਂ ਅਕੈਡਮੀ ਦੇ ਪੁਲਸ ਅਧਿਕਾਰੀ ਦੇ ਹੱਥ ਚੜ੍ਹ ਗਿਆ, ਜਦੋਂ ਉਹ ਨਸ਼ੀਲੀਆਂ ਚੀਜ਼ਾਂ ਨਾਲ ਭਰਿਆ ਆਪਣਾ ਬੈਗ ਇਕ ਦਰੱਖਤ ਦੇ ਹੇਠਾਂ ਰੱਖ ਕੇ ਆਪਣੀ ਕਾਰ ਨੂੰ ਪਾਰਕਿੰਗ 'ਚ ਲਾਉਣ ਚਲਾ ਗਿਆ। ਲਾਵਾਰਿਸ ਪਏ ਬੈਗ ਨੂੰ ਦੇਖ ਕੇ ਅਕੈਡਮੀ ਦੇ ਪੁਲਸ ਅਧਿਕਾਰੀ ਨੇ ਉਸ ਨੂੰ ਖੋਲ੍ਹ ਕੇ ਜਾਂਚ ਕੀਤੀ ਤਾਂ ਉਸ ਵਿਚ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਮਿਲਿਆ। ਇਸ ਤੋਂ ਪਹਿਲਾਂ ਪੁਲਸ ਇਸ ਸਬੰਧ ਵਿਚ ਕੋਈ ਪੁੱਛਗਿੱਛ ਕਰਦੀ, ਉਲਟਾ ਕੁਲਵੰਤ ਸਿੰਘ ਨੇ ਵਾਪਸ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਬੈਗ ਨੂੰ ਇਥੋਂ ਕਿਸੇ ਨੇ ਚੁੱਕਿਆ ਹੈ, ਜਿਸ ਨੂੰ ਅਕੈਡਮੀ ਦੇ ਮੁਲਾਜ਼ਮਾਂ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ।