ਥਕਾਣ ਲਾਹੁਣ ਦੇ ਚੱਕਰ ''ਚ ''ਪੰਜਾਬ ਪੁਲਸ'' ਨੇ ਕੀਤੀ ਵੱਡੀ ਗਲਤੀ

05/05/2020 11:44:27 AM

ਲੁਧਿਆਣਾ (ਨਰਿੰਦਰ) : ਕੋਰੋਨਾ ਨਾਲ ਜੰਗ 'ਚ ਫਰੰਟ ਲਾਈਨ 'ਤੇ ਲੱਗੇ ਪੁਲਸ ਮੁਲਾਜ਼ਮ ਪਿਛਲੇ 40 ਦਿਨਾਂ ਤੋਂ ਦਿਨ-ਰਾਤ ਡਿਊਟੀ ਕਰ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੀ ਥਕਾਣ ਲਾਹੁਣ ਅਤੇ ਉਤਸ਼ਾਹਿਤ ਕਰਨ ਲਈ ਸਮਾਜ ਸੇਵੀਆਂ ਵਲੋਂ ਇਕ ਵਿਸ਼ੇਸ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ 'ਚ ਖਾਣ-ਪੀਣ ਦੇ ਨਾਲ-ਨਾਲ ਭੰਗੜੇ ਦਾ ਵੀ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਸਮਾਜ ਸੇਵੀਆਂ ਸਣੇ ਤੇ ਕਰਫਿਊ ਵਾਲੰਟੀਅਰਾਂ ਨਾਲ ਨੱਚ ਕੇ ਥਕਾਣ ਲਾਹੀ, ਜਿਸ 'ਚ ਡੀ. ਸੀ. ਤੋਂ ਲੈ ਕੇ ਪੁਲਸ ਕਮਿਸ਼ਨਰ ਤੱਕ ਵੀ ਮੌਜੂਦ ਸਨ ਪਰ ਇਸ ਦੌਰਾਨ ਮੁਲਾਜ਼ਮ ਵੱਡੀ ਗਲਤੀ ਕਰ ਬੈਠੇ ਅਤੇ ਸੋਸ਼ਲ ਡਿਸਟੈਂਸ ਰੱਖਣਾ ਹੀ ਭੁੱਲ ਗਏ। ਮੁਲਾਜ਼ਮ ਸ਼ਾਇਦ ਇਹ ਵੀ ਭੁੱਲ ਗਏ ਕਿ ਇਸ ਵੇਲੇ ਕਿਸ ਘਾਤਕ ਬਿਮਾਰੀ ਨਾਲ ਲੜ ਰਹੇ ਹਨ ਅਤੇ ਸਾਰੇ ਮੁਲਾਜ਼ਮ ਡਾਂਸ 'ਚ ਮਗਨ ਰਹੇ।
ਹਾਲਾਂਕਿ ਸਮਾਜ ਸੇਵੀ ਬਿੱਟੂ ਗੁੰਬਰ ਨੇ ਕਿਹਾ ਕਿ ਇਸ ਪਾਰਟੀ ਦਾ ਮਕਸਦ ਸਿਰਫ ਕੋਰੋਨਾ ਯੋਧਿਆਂ ਨੂੰ ਉਤਸ਼ਾਹਿਤ ਕਰਨਾ ਸੀ। ਉਧਰ ਏ. ਡੀ. ਸੀ. ਪੀ. ਨੇ ਵੀ ਕਿਹਾ ਕਿ ਦਿਨ-ਰਾਤ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਰਿਲੈਕਸ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ।  ਇਸ 'ਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਕਰਫਿਊ ਦੌਰਾਨ ਪੁਲਸ ਪੂਰੀ ਨਿਸ਼ਠਾ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਪਰ ਇਹ ਵੀ ਸੱਚ ਹੈ ਕਿ ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਅਣਗਹਿਲੀਆਂ ਕਿੰਨੀਆਂ ਭਾਰੀ ਪੈ ਸਕਦੀਆਂ ਹਨ, ਇਸ ਲਈ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਹਰ ਕਿਸੇ ਲਈ ਲਾਜ਼ਮੀ ਹੈ। ਫਿਰ ਉਹ ਭਾਵੇਂ ਪੁਲਸ ਮੁਲਾਜ਼ਮ ਹੋਣ, ਸਮਾਜ ਸੇਵੀ ਜਾਂ ਆਮ ਨਾਗਰਿਕ।
 

Babita

This news is Content Editor Babita