ਅਨੋਖੀ ਪਹਿਲ : ਘਰ ''ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਹੁਣ ਹੰਝੂ ਪੂੰਝੇਗੀ ਪੰਜਾਬ ਪੁਲਸ

12/22/2019 6:47:55 PM

ਹੁਸ਼ਿਆਰਪੁਰ (ਅਮਰਿੰਦਰ)— ਜਿਨ੍ਹਾਂ ਬੱਚਿਆਂ ਨੂੰ ਪਾਲਣ ਲਈ ਮਾਪੇ ਆਪਣੀ ਜ਼ਿੰਦਗੀ ਲਾ ਦਿੰਦੇ ਹਨ, ਉਨ੍ਹਾਂ ਦੀ ਸਿੱਖਿਆ ਅਤੇ ਸਹੂਲਤ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਹਨ। ਮਾਂ-ਪਿਓ ਨੂੰ ਜੀਵਨ ਦੇ ਅੰਤਿਮ ਪਲਾਂ 'ਚ ਇਕੱਲਾ ਛੱਡ ਦੇਣਾ ਕਿੰਨਾ ਵੱਡਾ ਦੋਸ਼ ਹੈ, ਇਸ ਗੱਲ ਦੀ ਕਲਪਨਾ ਕਰਨਾ ਵੀ ਮੁਸ਼ਕਿਲ ਹੈ। ਬਜ਼ੁਰਗ ਦੋਹਤੀਆਂ-ਪੋਤਰੀਆਂ ਨਾਲ ਜ਼ਿਆਦਾ ਲਗਾਅ ਮਹਿਸੂਸ ਕਰਦੇ ਹਨ ਪਰ ਬੇਟੇ ਅਤੇ ਨੂੰਹ ਦੇ ਵਿਦੇਸ਼ਾਂ 'ਚ ਸੈਟਲ ਹੋ ਜਾਣ ਤੋਂ ਬਾਅਦ ਪੰਜਾਬ ਦੇ ਆਮ ਤੌਰ 'ਤੇ ਸਾਰੇ ਪਿੰਡਾਂ ਅਤੇ ਸ਼ਹਿਰਾਂ 'ਚ ਬਜ਼ੁਰਗ ਘਰਾਂ 'ਚ ਇਕੱਲੇ ਰਹਿ ਗਏ ਹਨ। ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਜਾਂ ਬੀਮਾਰ ਹੋ ਜਾਣ ਤਾਂ ਉਹ ਆਪਣੇ-ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲਈ ਮਜਬੂਰ ਹਨ। ਅਜਿਹੇ 'ਚ ਹੁਣ ਪੰਜਾਬ ਪੁਲਸ ਘਰ 'ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ ਸੇਵਾ ਲਈ ਨਵੀਂ ਪਹਿਲ ਕਰਨ ਦੀ ਤਿਆਰੀ ਕਰ ਰਹੀ ਹੈ। ਬਿਊਰੋ ਆਫ ਇਨਵੈਸਟੀਗੇਸ਼ਨ ਡਾਇਰੈਕਟਰ ਵੱਲੋਂ ਜਾਰੀ ਨਿਰਦੇਸ਼ ਤਹਿਤ ਹੁਣ ਪੰਜਾਬ ਪੁਲਸ ਘਰ 'ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਹੰਝੂ ਪੂੰਝਣ ਤੋਂ ਇਲਾਵਾ ਸੁਰੱਖਿਆ ਦਾ ਜ਼ਿੰਮਾ ਚੁੱਕਣ ਲਈ ਥਾਣੇ 'ਚ ਵੱਖ-ਵੱਖ ਕਮਿਊਨਿਟੀ ਵਿੰਗ ਬਣਾ ਕੇ ਬਜ਼ੁਰਗਾਂ ਨਾਲ ਤਾਲਮੇਲ ਰੱਖ ਕੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਲਵੇਗੀ।

ਪੁਲਸ ਦਾ ਕਮਿਊਨਿਟੀ ਵਿੰਗ ਬਜ਼ੁਰਗਾਂ ਨਾਲ ਰੱਖੇਗਾ ਤਾਲਮੇਲ
ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਡਾਇਰੈਕਟਰ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਨਿਯਮਿਤ ਤੌਰ 'ਤੇ ਘਰ 'ਚ ਇਕੱਲੇ ਰਹਿ ਰਹੇ ਬਜ਼ੁਰਗਾਂ ਦਾ ਨਾ ਸਿਰਫ ਹਾਲ-ਚਾਲ ਪੁੱਛੇਗੀ, ਸਗੋਂ ਉਨ੍ਹਾਂ ਨੂੰ ਥਾਣੇ ਵਿਚ ਵਿਸ਼ੇਸ਼ ਸਹੂਲਤ ਵੀ ਦੇਵੇਗੀ। ਇਸ ਲਈ ਵੱਖ-ਵੱਖ ਕਮਿਊਨਿਟੀ ਵਿੰਗ ਬਣਾ ਕੇ ਪੁਲਸ ਬਜ਼ੁਰਗਾਂ ਨਾਲ ਤਾਲਮੇਲ ਰੱਖੇਗੀ। ਇਹੀ ਨਹੀਂ, ਬਜ਼ੁਰਗਾਂ ਕੋਲ ਕੰਮ ਕਰਨ ਵਾਲੇ ਨੌਕਰਾਂ ਬਾਰੇ ਵੀ ਪੁਲਸ ਖੁਦ ਜਾ ਕੇ ਜਾਣਕਾਰੀ ਹਾਸਲ ਕਰੇਗੀ। ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਡਾਇਰੈਕਟਰ ਨੇ ਇਸ ਸਬੰਧੀ ਪੱਤਰ ਭੇਜ ਕੇ ਇੰਤਜ਼ਾਮ ਕਰਨ ਨੂੰ ਕਿਹਾ ਹੈ। ਇਸ ਲਈ ਉਨ੍ਹਾਂ ਨੂੰ ਸਮਾਜਕ ਸੁਰੱਖਿਆ ਵਿਭਾਗ ਤੋਂ ਵੀ ਸੀਨੀਅਰ ਸਿਟੀਜ਼ਨਜ਼ ਨੂੰ ਲੈ ਕੇ ਤੈਅ ਗਾਈਡ ਲਾਈਨਜ਼ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

ਬਜ਼ੁਰਗਾਂ ਦੀ ਸੂਚੀ ਤਿਆਰ ਕਰ ਕੇ ਇਲਾਕਾ ਅਫਸਰ ਲਾਉਣਗੇ ਚੱਕਰ
ਜਾਰੀ ਨਿਰਦੇਸ਼ਾਂ ਅਨੁਸਾਰ ਪੁਲਸ ਥਾਣੇ ਆਪਣੇ ਇਲਾਕੇ 'ਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀ ਸੂਚੀ ਤਿਆਰ ਕਰਨਗੇ, ਫਿਰ ਉਨ੍ਹਾਂ ਦੇ ਘਰ ਜਾ ਕੇ ਪੁਲਸ ਮੁਲਾਜ਼ਮ ਹਾਲ-ਚਾਲ ਪੁੱਛਣਗੇ। ਉਨ੍ਹਾਂ ਦਾ ਹਾਲ-ਚਾਲ ਜਾਣਨ ਤੋਂ ਬਾਅਦ ਜਿਸ ਵੀ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਕੋਲ ਉਹ ਇਲਾਕਾ ਹੈ, ਉਹ ਨਿਯਮਿਤ ਤੌਰ 'ਤੇ ਉਨ੍ਹਾਂ ਦੇ ਆਸ-ਪਾਸ ਖਾਸ ਨਿਗਰਾਨੀ ਰੱਖਣਗੇ। ਜ਼ਰੂਰਤ ਪੈਣ 'ਤੇ ਉਨ੍ਹਾਂ ਨੂੰ ਮਿਲ ਕੇ ਵੀ ਆਉਣਗੇ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਤਾਂ ਥਾਣਾ ਪੱਧਰ 'ਤੇ ਇਕ ਕਮਿਊਨਿਟੀ ਪੁਲਸ ਅਫਸਰ ਉਨ੍ਹਾਂ ਦੇ ਸੰਪਰਕ 'ਚ ਰਹੇਗਾ।

ਕੰਮ ਕਰਨ ਵਾਲੇ ਨੌਕਰਾਂ 'ਤੇ ਰਹੇਗੀ ਪੁਲਸ ਦੀ ਤਿੱਖੀ ਨਜ਼ਰ
ਜਾਰੀ ਨਿਰਦੇਸ਼ਾਂ ਅਨਾਸਾਰ ਸਾਰੇ ਪੁਲਸ ਥਾਣੇ ਆਪਣੇ ਏਰੀਏ 'ਚ ਜਾਂਚ ਕਰਨਗੇ ਕਿ ਕਿਸ-ਕਿਸ ਸੀਨੀਅਰ ਸਿਟੀਜ਼ਨ ਯਾਨੀ ਬਜ਼ੁਰਗ ਦੇ ਘਰ 'ਚ ਨੌਕਰ ਹਨ। ਹੁਣ ਤੱਕ ਪੁਲਸ ਲੋਕਾਂ ਨੂੰ ਹੀ ਅਪੀਲ ਕਰਦੀ ਹੈ ਕਿ ਨੌਕਰਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਓ। ਕੁਝ ਲੋਕ ਕਰਵਾਉਂਦੇ ਹਨ ਅਤੇ ਕੁਝ ਨਹੀਂ ਕਰਵਾਉਂਦੇ, ਉਨ੍ਹਾਂ 'ਤੇ ਪੁਲਸ ਦੇ ਪੱਧਰ 'ਤੇ ਜ਼ਿਆਦਾ ਸਖਤੀ ਨਹੀਂ ਹੁੰਦੀ। ਹਾਲਾਂਕਿ ਹੁਣ ਬਜ਼ੁਰਗਾਂ ਕੋਲ ਰੱਖੇ ਘਰੇਲੂ ਨੌਕਰਾਂ ਦੀ ਪੁਲਸ ਲਾਜ਼ਮੀ ਵੈਰੀਫਿਕੇਸ਼ਨ ਕਰੇਗੀ ਤਾਂਕਿ ਜੇਕਰ ਕੱਲ ਨੂੰ ਕੋਈ ਅਪਰਾਧਿਕ ਘਟਨਾ ਹੁੰਦੀ ਹੈ ਤਾਂ ਉਸ ਨੂੰ ਫੜਿਆ ਜਾ ਸਕੇ। ਇਸ ਕਾਰਣ ਨੌਕਰਾਂ 'ਚ ਵੀ ਪੁਲਸ ਦਾ ਡਰ ਰਹੇਗਾ।

ਉਮਰ ਦੇ ਇਸ ਪੜਾਅ 'ਚ ਸੁਰੱਖਿਆ ਅਹਿਮ
ਬਿਊਰੋ ਆਫ ਇਨਵੈਸਟੀਗੇਸ਼ਨ ਡਾਇਰੈਕਟਰ ਦੀ ਮੰਨੀਏ ਤਾਂ ਪੰਜਾਬ 'ਚ ਅਜਿਹੇ ਕਈ ਬਜ਼ੁਰਗ ਹਨ, ਜਿਨ੍ਹਾਂ ਦੇ ਬੱਚੇ ਬਾਹਰ ਰਹਿੰਦੇ ਹਨ ਜਾਂ ਫਿਰ ਉਨ੍ਹਾਂ ਤੋਂ ਵੱਖ ਹੋ ਗਏ ਹਨ। ਉਮਰ ਦੇ ਇਸ ਪੜਾਅ ਵਿਚ ਉਨ੍ਹਾਂ ਦੀ ਸੁਰੱਖਿਆ ਸਭ ਤੋਂ ਵੱਡਾ ਮੁੱਦਾ ਹੈ। ਉਚਿਤ ਦੇਖਭਾਲ 'ਚ ਕਈ ਵਾਰ ਬਜ਼ੁਰਗ ਬੀਮਾਰ ਹੁੰਦਾ ਹੈ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਘਰ 'ਚੋਂ ਕਈ ਦਿਨਾਂ ਬਾਅਦ ਬਦਬੂ ਆਉਂਦੀ ਹੈ। ਅਜਿਹੇ ਵਿਚ ਜੇਕਰ ਪੁਲਸ ਨਿਯਮਿਤ ਤੌਰ 'ਤੇ ਉੱਥੇ ਆਉਂਦੀ-ਜਾਂਦੀ ਰਹੇਗੀ ਤਾਂ ਉਨ੍ਹਾਂ ਬਾਰੇ ਜਾਣਕਾਰੀ ਮਿਲਦੀ ਰਹੇਗੀ। ਦੂਜਾ ਸਭ ਤੋਂ ਵੱਡਾ ਕਾਰਨ ਨੌਕਰਾਂ ਵੱਲੋਂ ਕੀਤਾ ਜਾਣ ਵਾਲਾ ਗੁਨਾਹ ਹੈ। ਇਸ ਵਿਚ ਇਕੱਲੇ ਰਹਿੰਦੇ ਬਜ਼ੁਰਗਾਂ ਤੋਂ ਲੁੱਟ-ਖੋਹ, ਚੋਰੀ ਅਤੇ ਕਤਲ ਤੱਕ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਅਕਸਰ ਨੌਕਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਕੋਈ ਰਿਕਾਰਡ ਨਾ ਹੋਣ ਕਾਰਨ ਨਾ ਹੀ ਜਾਂਚ ਹੋ ਸਕਦੀ ਹੈ ਅਤੇ ਨਾ ਹੀ ਅਜਿਹੇ ਅਪਰਾਧੀ ਨੌਕਰ ਫੜੇ ਜਾਂਦੇ ਹਨ। ਹੁਣ ਪੁਲਸ ਕੋਲ ਵੈਰੀਫਿਕੇਸ਼ਨ ਦੇ ਤੌਰ 'ਤੇ ਉਸ ਦੇ ਸਾਰੇ ਦਸਤਾਵੇਜ਼ ਰਹਿਣਗੇ ਅਤੇ ਉਸ ਨੂੰ ਫੜਨ ਵਿਚ ਵੀ ਪੁਲਸ ਨੂੰ ਸੌਖ ਰਹੇਗੀ।

ਬਜ਼ੁਰਗਾਂ ਦੀ ਸੇਵਾ 'ਚ ਪੁਲਸ ਕੋਈ ਕਮੀ ਨਹੀਂ ਰੱਖੇਗੀ : ਐੱਸ. ਐੱਸ. ਪੀ.
ਸੰਪਰਕ ਕਰਨ 'ਤੇ ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਡਾਇਰੈਕਟਰ ਵੱਲੋਂ ਜਾਰੀ ਪੱਤਰ ਵਿਚਲੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨ ਵਿਚ ਪੁਲਸ ਕੋਈ ਕਮੀ ਨਹੀਂ ਆਉਣ ਦੇਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬੁਢਾਪਾ ਇਕ ਅਜਿਹੀ ਦਸ਼ਾ ਹੈ ਜੋ ਸਾਰੇ ਇਨਸਾਨਾਂ ਦੇ ਜੀਵਨ ਵਿਚ ਆਉਂਦੀ ਹੈ। ਆਪਣੇ ਦੇਸ਼ ਵਿਚ ਜਿੱਥੇ ਮਾਤਾ-ਪਿਤਾ ਨੂੰ ਦੇਵਤਾ ਸਮਾਨ ਸਮਝਿਆ ਜਾਂਦਾ ਸੀ, ਅੱਜ ਉੱਥੇ ਵਧਦੇ ਬਿਰਧ ਆਸ਼ਰਮ ਹਕੀਕਤ ਬਿਆਨਣ ਲਈ ਕਾਫ਼ੀ ਹਨ ਕਿ ਸਾਡੇ ਸਮਾਜ ਵਿਚ ਕਿਸ ਨਕਾਰਾਤਮਕ ਤਰੀਕੇ ਨਾਲ ਬਦਲਾਅ ਆ ਰਿਹਾ ਹੈ। ਜਾਰੀ ਨਿਰਦੇਸ਼ ਅਧੀਨ ਘਰ ਵਿਚ ਇਕੱਲੇ ਰਹਿ ਰਹੇ ਬਜ਼ੁਰਗਾਂ ਦਾ ਖਿਆਲ ਰੱਖਣ ਲਈ ਵੱਖ-ਵੱਖ ਥਾਣਿਆਂ ਦੇ ਅਧਿਕਾਰੀਆਂ ਨੂੰ ਜ਼ਿੰਮਵਾਰੀ ਸੌਂਪੀ ਜਾਵੇਗੀ ਤਾਂ ਕਿ ਜ਼ਰੂਰਤ ਸਮੇਂ ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਉਪਲੱਬਧ ਹੋ ਸਕਣ।

shivani attri

This news is Content Editor shivani attri