ਤਿਉਹਾਰਾਂ ਮੌਕੇ ਅੱਤਵਾਦੀ ਹਮਲਿਆਂ ਦਾ ਖਦਸ਼ਾ, ਚੱਪੇ-ਚੱਪੇ ''ਤੇ ਪੁਲਸ ਤਾਇਨਾਤ

09/30/2019 12:16:07 PM

ਜ਼ੀਰਕਪੁਰ (ਮੇਸ਼ੀ) : ਪੰਜਾਬ ਸਰਕਾਰ ਵਲੋਂ ਪੰਜਾਬ 'ਚ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਅਤੇਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਲਈ ਸੁਰੱਖਿਆ ਪ੍ਰਬੰਧਾਂ ਪੁਖਤਾ ਕੀਤੇ ਗਏ ਹਨ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਪੁਲਸ ਵਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਤਰਨਤਾਰਨ ਪੁਲਸ ਵਲੋਂ ਫੜ੍ਹੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ 'ਚ ਹੋਏ ਅਹਿਮ ਖੁਲਾਸਿਆਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਪੂਰੀ ਤਰ੍ਹਾਂ ਅਲਰਟ ਦਿਖਾਈ ਦੇ ਰਹੀ ਹੈ।

ਪੁਲਸ ਨੂੰ ਸੂਬੇ 'ਚ ਤਿਉਹਾਰਾਂ ਮੌਕੇ ਅੱਤਵਾਦੀ ਹਮਲਿਆਂ ਦੀਆਂ ਲਗਾਤਾਰ ਸੂਹਾਂ ਮਿਲਣ ਮਗਰੋਂ ਜ਼ਿਲਾ ਪੁਲਸ ਮੁਖੀ ਕੁਲਦੀਪ ਸਿੰਘ ਚਾਹਲ ਵਲੋਂ ਜ਼ਿਲੇ ਦੇ ਸਮੂਹ ਥਾਣਿਆਂ ਅਤੇ ਚੌਂਕੀਆਂ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਜ਼ੀਰਕਪੁਰ ਪੁਲਸ ਨੇ ਬੱਸ ਸਟੈਂਡ ਸਮੇਤ ਭੀੜ-ਭਾੜ ਵਾਲੇ ਇਲਾਕਿਆਂ 'ਚ ਪੁਲਸ ਮੁਲਾਜ਼ਮਾਂ ਦੀ ਵੱਡੀ ਪੱਧਰ 'ਤੇ ਤਾਇਨਾਤੀ ਕੀਤੀ  ਹੈ। ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਸੁਸਾਇਟੀਆਂ ਅਤੇ ਹੋਟਲਾਂ 'ਚ ਸਰਚ ਵੈਰੀਫਿਕੇਸ਼ਨ ਮੁਹਿੰਮ ਚਲਾਈ ਗਈ ਹੈ।

ਸੂਤਰਾਂ ਮੁਤਾਬਕ ਜ਼ਿਲਾ ਪੁਲਸ ਨੂੰ ਵੀ ਧਮਕੀ ਭਰੇ ਪੱਤਰਾਂ ਦੇ ਹਵਾਲੇ ਤਹਿਤ ਜ਼ਿਲਾ ਪੁਲਸ ਹੁਣ ਸ਼ਹਿਰ ਦੇ ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਜੁੱਟ ਗਈ ਹੈ। ਮਾਤਾ ਦੇ ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਮੰਦਰਾਂ 'ਚ ਕਾਫੀ ਚਹਿਲ-ਪਹਿਲ ਦੇਖੀ ਜਾ ਰਹੀ ਹੈ, ਜਿਸ ਕਰਕੇ ਵੱਖ-ਵੱਖ ਮਾਰਕਿਟਾਂ 'ਚ ਭੀੜ ਵੀ ਦਿਖਾਈ ਦੇ ਰਹੀ ਹੈ। ਤਿਉਹਾਰਾਂ ਦੇ ਮੱਦੇਨਜ਼ਰ ਪੁਲਸ ਨੇ ਸੁਰੱਖਿਆ ਪ੍ਰਬੰਧਾਂ 'ਚ ਮਜ਼ਬੂਤੀ ਲਿਆਉਣ ਦਾ ਫੈਸਲਾ ਲਿਆ ਹੈ।

ਜ਼ਿਲਾ ਪੁਲਸ ਮੁਖੀ ਨੇ ਸ਼ਹਿਰ ਦੇ ਹੋਟਲਾਂ, ਢਾਬਿਆਂ ਅਤੇ ਗੈਸਟ ਹਾਊਸ ਮਾਲਕਾਂ ਨੂੰ ਸੁਰੱਖਿਆ ਮਜ਼ਬੂਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਨਾਲ ਹੀ ਹੋਟਲ ਮਾਲਕਾਂ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਹੋਟਲਾਂ 'ਚ ਹਰ ਸਮੇਂ ਸੀ. ਸੀ. ਟੀ. ਵੀ. ਕੈਮਰੇ ਨਾ ਬੰਦ ਕਰਨ ਸਮੇਤ ਯਾਤਰੀਆਂ ਦੇ ਆਧਾਰ ਕਾਰਡ, ਵੋਟਰ ਕਾਰਡ ਅਤੇ ਮੋਬਾਇਲ ਨੰਬਰਾਂ ਨੂੰ ਵੀ ਯਕੀਨੀ ਬਣਾਉਣ, ਯਾਤਰੀਆਂ ਵਲੋਂ ਮੋਬਾਇਲ ਨੰਬਰ ਹੋਟਲ ਰਜਿਸਟਰ 'ਚ ਲਿਖਵਾਏ ਜਾਣ ਮੌਕੇ ਨੰਬਰਾਂ 'ਤੇ ਕਾਲ ਕਰ ਕੇ ਵੀ ਪੁਸ਼ਟੀ ਦੇ ਸਖਤ ਹੁਕਮ ਜਾਰੀ ਕੀਤ ਹਨ। ਉੱਥੇ ਹੀ ਜ਼ੀਰਕਪੁਰ ਚੰਡੀਗੜ੍ਹ ਇਨਕਲੇਵ ਸਮੇਤ ਵੱਖ-ਵੱਖ ਸੁਸਾਇਟੀਆਂ 'ਚ ਪੁਲਸ ਟੀਮਾਂ ਦੇ ਮੁਲਾਜ਼ਮਾਂ ਵਲੋਂ ਖੁਦ ਪੁੱਜ ਕੇ ਹਰ ਇਕ ਫਲੈਟ 'ਚ ਮੌਜੂਦ ਲੋਕਾਂ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ।

Babita

This news is Content Editor Babita