ਸ਼ਿਵ ਸੈਨਾ ਆਗੂ ’ਤੇ ਹਮਲਾ ਕਰਨ ਦੇ ਮਾਮਲੇ ’ਚ ਪੰਜਾਬ ਪੁਲਸ ਦਾ ਸਿਪਾਹੀ ਗ੍ਰਿਫਤਾਰ

03/03/2020 10:11:46 AM

ਗੁਰਦਾਸਪੁਰ (ਹਰਮਨ, ਜ. ਬ.) - ਧਾਰੀਵਾਲ ਵਿਖੇ ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ’ਤੇ ਜਾਨਲੇਵਾ ਹਮਲਾ ਕਰਨ ਦੇ ਗੰਭੀਰ ਮਾਮਲੇ ’ਚ ਪੁਲਸ ਵਲੋਂ ਕਾਬੂ ਕੀਤੇ 2 ਹਮਲਾਵਰਾਂ ਕੋਲੋਂ ਬਹੁਤ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਇਸੇ ਪੁੱਛਗਿੱਛ ਦੇ ਤਹਿਤ ਪੁਲਸ ਨੂੰ ਇਨ੍ਹਾਂ ਮੁਲਜ਼ਮਾਂ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੰਜਾਬ ਪੁਲਸ ਦੇ ਇਕ ਸਿਪਾਹੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਬੀਤੇ ਕੱਲ ਪੁਲਸ ਵਲੋਂ ਗ੍ਰਿਫਤਾਰ ਕੀਤੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਹੋਰ 6 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 11 ਫਰਵਰੀ ਨੂੰ ਧਾਰੀਵਾਲ ਦੇ ਡਡਵਾਂ ਰੋਡ ’ਤੇ ਸ਼ਾਮ ਵੇਲੇ ਕਾਰ ਵਿਚ ਆਏ 2 ਹਥਿਆਰਬੰਦ ਹਮਲਾਵਰਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹਨੀ ਮਹਾਜਨ ਦੀ ਦੁਕਾਨ ’ਤੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਇਸ ਦੌਰਾਨ ਹਨੀ ਮਹਾਜਨ ਦੀ ਲੱਤ ’ਚ ਗੋਲੀਆਂ ਲੱਗ ਗਈਆਂ, ਜਿਸ ਕਾਰਣ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ ਸੀ ਜਦਕਿ ਉੱਥੇ ਮੌਜੂਦ ਇਕ ਹੋਰ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ। ਪੁਲਸ ਨੇ ਬਹੁਤ ਜੱਦੋ-ਜਹਿਦ ਤੋਂ ਬਾਅਦ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ’ਚੋਂ ਸੰਨੀ ਪੁੱਤਰ ਨਰਿੰਦਰ ਵਾਸੀ ਔਜਲਾ ਕਲੋਨੀ ਖਿਲਾਫ ਥਾਣਾ ਤਿੱਬੜ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਹਿਲਾਂ ਵੀ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ’ਤੇ ਸੀ। ਇਸੇ ਤਰ੍ਹਾਂ ਦੂਜੇ ਮੁਲਜ਼ਮ ਸਿਮਰਜੀਤ ਸਿੰਘ ਵਾਸੀ ਕੰਡਿਆਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਜਿਹੜੇ 20 ਕਾਰਤੂਸ ਬਰਾਮਦ ਹੋਏ ਹਨ, ਉਨ੍ਹਾਂ ਕਾਰਤੂਸਾਂ ਦਾ ਸਾਈਜ਼ ਹਨੀ ਮਹਾਜਨ ’ਤੇ ਚਲਾਏ ਕਾਰਤੂਸਾਂ ਵਾਲਾ ਹੀ ਦੱਸਿਆ ਜਾ ਰਿਹਾ ਹੈ। ਪੁਲਸ ਵਲੋਂ ਕਾਬੂ ਕੀਤੇ ਤੀਜੇ ਮੁਲਜ਼ਮ ਬਾਰੇ ਐੱਸ. ਐੱਸ. ਪੀ. ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਸਿਮਰਜੀਤ ਕੋਲੋਂ ਕੀਤੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਿਮਰਜੀਤ ਨੇ ਪੰਜਾਬ ਪੁਲਸ ਦੇ ਸੈਕਿੰਡ ਕਮਾਂਡੋ ’ਚ ਤਾਇਨਾਤ ਸਿਪਾਹੀ ਪ੍ਰਿੰਸ ਕੁਮਾਰ ਪੁੱਤਰ ਰਵੀ ਕੁਮਾਰ ਵਾਸੀ ਤਿੱਬੜੀ ਕੋਲੋਂ ਕਾਰਤੂਸਾਂ ਦੀ ਮੰਗ ਕੀਤੀ ਸੀ, ਜਿਸ ਨੇ ਉਨ੍ਹਾਂ ਨੂੰ ਤਰਨਤਾਰਨ ਦੇ ਗਨ ਹਾਊਸ ਤੋਂ ਕਾਰਤੂਸ ਦਵਾਏ ਸਨ।

ਉਨ੍ਹਾਂ ਦੱਸਿਆ ਕਿ ਪ੍ਰਿੰਸ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਕੋਲੋਂ 5 ਕਾਰਤੂਸ ਬਰਾਮਦ ਕਰ ਕੇ ਪੁਲਸ ਨੇ ਉਸ ਨੂੰ ਵੀ ਪਰਚੇ ਵਿਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਈ ਖੁਲਾਸੇ ਹੋ ਰਹੇ ਹਨ ਅਤੇ ਕਈ ਤਾਰਾਂ ਵਿਦੇਸ਼ਾਂ ਨਾਲ ਵੀ ਜੁਡ਼ਨ ਕਾਰਣ ਉਨ੍ਹਾਂ ਇਸ ਕੇਸ ਵਿਚ ਯੂ. ਏ. ਪੀ. ਏ. ਐਕਟ ਵੀ ਲਾਇਆ ਹੈ। ਅਜੇ ਵੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
 

rajwinder kaur

This news is Content Editor rajwinder kaur