ਪੰਜਾਬ ਪੁਲਸ ਨੇ ਸੂਬੇ ''ਚ ਗੈਂਗਸਟਰ ਕਲਚਰ ''ਤੇ ਪਾਇਆ ਕਾਬੂ : ਡੀ. ਜੀ. ਪੀ.

01/25/2020 11:45:42 PM

ਨਵਾਂਸ਼ਹਿਰ,(ਮਨੋਰੰਜਨ)- ਪੰਜਾਬ ਪੁਲਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਿਛਲੇ ਤਿੰਨ ਸਾਲ ਵਿਚ ਪੰਜਾਬ ਪੁਲਸ ਨੇ ਸੂਬੇ ਵਿਚ ਗੈਂਗਸਟਰ ਕਲਚਰ 'ਤੇ ਕਾਬੂ ਪਾ ਲਿਆ ਹੈ। ਪੁਲਸ ਵੱਲੋਂ ਜ਼ਿਆਦਾਤਰ ਗੈਂਗਸਟਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਚੁੱਕਾ ਹੈ। ਬਚੇ ਹੋਏ ਤਿੰਨ-ਚਾਰ ਗੈਂਗਸਟਰ ਸੂਬਾ ਛੱਡ ਕੇ ਵਿਦੇਸ਼ ਵਿਚ ਭੱਜ ਗਏ ਹਨ। ਉਨ੍ਹਾਂ ਨੂੰ ਵੀ ਵਿਦੇਸ਼ ਤੋਂ ਫੜ ਕੇ ਲਿਆ ਕੇ ਜੇਲ ਵਿਚ ਪਾਇਆ ਜਾਵੇਗਾ।
ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਰਾਜ ਵਿਚ ਨਸ਼ੇ ਅਤੇ ਹਥਿਆਰਾਂ ਨੂੰ ਵਧਾ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲਿਆਂ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਲਦ ਹੀ ਰਾਜ ਵਿਚ ਲੇਖਕਾਂ ਅਤੇ ਗੀਤਕਾਰਾਂ ਦੇ ਨਾਲ ਮੀਟਿੰਗ ਕਰ ਕੇ ਇਸ ਮੁੱਦੇ 'ਤੇ ਵਿਚਾਰ ਕਰਨਗੇ। ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਆਉਣਾ ਹੋਵੇਗਾ। ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਦੇ ਲਈ ਮਾਣਯੋਗ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਤਹਿਤ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਵਾਹਨ 'ਤੇ ਅਹੁਦਾ ਜਾਂ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਲਿਖੀ ਹੋਣੀ ਚਾਹੀਦੀ ਇਸ ਨੂੰ ਰਾਜ ਵਿਚ ਪੂਰੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਪਹਿਲਾਂ ਹੀ ਰਾਜ ਵਿਚ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨ ਦੇ ਲਈ 900 ਦੇ ਕਰੀਬ ਗੰਨਮੈਨਾਂ ਨੂੰ ਹਟਾ ਕੇ ਵਿਭਾਗੀ ਵਿਚ ਡਿਊਟੀ ਦਿੱਤੀ ਗਈ ਹੈ।