ਬਰਗਾੜੀ ਬੇਅਦਬੀ ਕਾਂਡ: ਖਾਰਿਜ ਰਿਪੋਰਟ ਦੀ ਕਾਪੀ ਲੈਣ ਲਈ ਅਰਜ਼ੀ ਦਾਖਲ

07/18/2019 10:47:06 AM

ਮੋਹਾਲੀ (ਕੁਲਦੀਪ) - ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨਾਲ ਜੁੜੇ 3 ਕੇਸਾਂ ਦੀ ਖਾਰਿਜ ਰਿਪੋਰਟ ਸੀ. ਬੀ. ਆਈ. ਦੀ ਅਦਾਲਤ 'ਚ ਦਰਜ ਕਰਨ ਤੋਂ ਬਾਅਦ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ, ਉਥੇ ਹੀ ਪੰਜਾਬ ਸਰਕਾਰ ਨੇ ਵੀ ਇਸ ਮਾਮਲੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਪੰਜਾਬ ਪੁਲਸ ਵਲੋਂ ਸੀ. ਬੀ. ਆਈ. ਦੀ ਅਦਾਲਤ 'ਚ ਐਪਲੀਕੇਸ਼ਨ ਦਰਜ ਕਰਕੇ ਖਾਰਿਜ ਰਿਪੋਰਟ ਦੀ ਅਟੈਸਟਡ ਕਾਪੀ ਮੰਗੀ ਗਈ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੇ 2 ਸ਼ਿਕਾਇਤਕਰਤਾਵਾਂ ਨੇ ਵੀ ਆਪਣੇ ਵਕੀਲਾਂ ਰਾਹੀਂ ਅਲੱਗ ਐਪਲੀਕੇਸ਼ਨ ਦਰਜ ਕਰਕੇ ਉਕਤ ਰਿਪੋਰਟ ਦੀ ਕਾਪੀ ਮੰਗੀ ਹੈ। ਮਾਣਯੋਗ ਅਦਾਲਤ ਨੇ ਇਨ੍ਹਾਂ ਐਪਲੀਕੇਸ਼ਨਾਂ 'ਤੇ ਸੁਣਵਾਈ ਕਰਨ ਲਈ 23 ਜੁਲਾਈ ਦੀ ਤਾਰੀਖ ਨਿਸ਼ਚਿਤ ਕਰ ਦਿੱਤੀ ਹੈ ਅਤੇ ਸੀ. ਬੀ. ਆਈ. ਨੂੰ ਵੀ ਨੋਟਿਸ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਜਿਥੇ ਬੁੱਧਵਾਰ ਨੂੰ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਆਪਣੇ ਵਕੀਲਾਂ ਨਾਲ ਸੀ. ਬੀ. ਆਈ. ਦੀ ਅਦਾਲਤ ਪਹੁੰਚੀ, ਉਥੇ ਹੀ ਬੇਅਦਬੀ ਮਾਮਲੇ ਦੇ 2 ਸ਼ਿਕਾਇਤਕਰਤਾ ਰਣਜੀਤ ਸਿੰਘ ਅਤੇ ਗੋਰਾ ਨੇ ਵੀ ਆਪਣੇ ਵਕੀਲਾਂ ਰਾਹੀਂ ਖਾਰਿਜ ਰਿਪੋਰਟ ਦੀ ਕਾਪੀ ਲਈ ਅਦਾਲਤ 'ਚ ਐਪਲੀਕੇਸ਼ਨ ਦਰਜ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਖਾਰਿਜ ਰਿਪੋਰਟ ਨੂੰ ਵੇਖਣਾ ਚਾਹੁੰਦੇ ਹਨ ਕਿ ਸੀ. ਬੀ. ਆਈ. ਨੇ ਕਿਸ ਗਰਾਊਂਡ ਉੱਤੇ ਕੇਸ ਨੂੰ ਖਾਰਿਜ ਕਰਨ ਦਾ ਫੈਸਲਾ ਲਿਆ ਹੈ। ਅਦਾਲਤ ਦੇ ਬਾਹਰ ਦੋਵਾਂ ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਉਹ ਆਪਣੀ ਕਾਨੂੰਨੀ ਜੰਗ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਵਲੋਂ ਡੇਰਾ ਪ੍ਰੇਮੀ ਅਤੇ ਮਾਮਲੇ ਦੇ ਮੁਲਜ਼ਮ ਮਹਿੰਦਰ ਪਾਲ ਸਿੰਘ ਬਿੱਟੂ ਦੀ ਨਾਭਾ ਜੇਲ ਵਿਚ ਹੱਤਿਆ ਦੇ ਕੁੱਝ ਦਿਨਾਂ ਬਾਅਦ ਇਹ ਖਾਰਿਜ ਰਿਪੋਰਟ ਦਾਖਲ ਕਰ ਦਿੱਤੀ ਸੀ।

rajwinder kaur

This news is Content Editor rajwinder kaur