ਮੁੱਖ ਮੰਤਰੀ ਦੀ ਬੈਠਕ ''ਚੋਂ ''ਚੁੱਪ ਧਾਰ ਕੇ'' ਨਿਕਲੇ ਉਚ ਅਧਿਕਾਰੀ

04/12/2018 10:38:18 AM

ਚੰਡੀਗੜ੍ਹ (ਰਮਨਜੀਤ)-ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਲੋਕਾਂ 'ਚ ਪਿਛਲੇ ਕੁੱਝ ਦਿਨਾਂ ਤੋਂ ਖੁੱਲ੍ਹ ਕੇ ਸਾਹਮਣੇ ਆਈ ਆਪਸੀ ਖਿੱਚਤਾਣ ਦੀ ਕਿਰਕਿਰੀ ਨੂੰ ਰੋਕਣ ਲਈ ਬੁਲਾਈ ਗਈ ਮੁੱਖ ਮੰਤਰੀ ਦੀ ਬੈਠਕ ਖਤਮ ਹੋਣ ਮਗਰੋਂ ਸਾਰੇ ਅਧਿਕਾਰੀ ਚੁੱਪ-ਚੁਪੀਤੇ ਨਿਕਲ ਗਏ। ਕਿਸੇ ਵੀ ਅਧਿਕਾਰੀ ਨੇ ਬੈਠਕ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ, ਬਲਕਿ ਕੁੱਝ ਅਧਿਕਾਰੀ ਤਾਂ ਮੀਡੀਆ ਤੋਂ ਦੂਰੀ ਬਣਾ ਕੇ ਸਕੱਤਰੇਤ 'ਚੋਂ ਚਲੇ ਗਏ। ਹਾਲਾਂਕਿ ਡੀ. ਜੀ. ਪੀ. ਸੁਰੇਸ਼ ਅਰੋੜਾ ਤੇ ਐੱਸ. ਚੱਟੋਪਾਧਿਆਏ ਵਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਪਰ ਬੈਠਕ ਸਬੰਧੀ ਪੁੱਛਣ 'ਤੇ ਦੋਵਾਂ ਨੇ ਹੀ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਬੈਠਕ ਵਿਚ ਗੱਲਬਾਤ ਦੀ ਜਾਣਕਾਰੀ ਮੁੱਖ ਮੰਤਰੀ ਦੇ ਮੀਡੀਆ ਅਡਵਾਈਜ਼ਰ ਹੀ ਦੇਣਗੇ। ਡੀ. ਜੀ. ਪੀ. ਚਟੋਪਾਧਿਆਏ ਨੇ ਮੀਡੀਆ ਵਲੋਂ ਉਨ੍ਹਾਂ ਦੀ ਰਿਪੋਰਟ ਸਬੰਧੀ ਪੁੱਛੇ ਜਾਣ 'ਤੇ ਕਿਹਾ ਕਿ ਉਹ ਮਾਮਲਾ ਅਦਾਲਤ ਦਾ ਹੈ, ਉਸ ਨੂੰ ਉਥੇ ਹੀ ਸੀਮਤ ਰਹਿਣ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਆਪਣੀ ਚੱਲ ਰਹੀ ਨਿੱਜੀ ਤੇ ਪੇਸ਼ੇਵਰ ਲੜਾਈ ਨੂੰ ਤੁਰੰਤ ਖਤਮ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪੰਜਾਬ ਪੁਲਸ ਦਾ ਨਾਂ ਬਦਨਾਮ ਕਰਨ ਤੇ ਗੰਭੀਰ ਅਨੁਸ਼ਾਸਨਹੀਣਤਾ ਵਿਚ ਰੁੱਝੇ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਹਟਾਉਣ ਦੀ ਧਮਕੀ ਦਿੱਤੀ ਹੈ।
ਉਧਰ, ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਉਹ ਪੁਲਸ ਵਿਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਰਖਾਸਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਤੱਕ ਵੀ ਪਹੁੰਚ ਕਰਨਗੇ। ਪੰਜਾਬ ਮੰਤਰੀ ਮੰਡਲ ਵਿਚ ਗ੍ਰਹਿ ਮੰਤਰਾਲੇ ਦੇ ਇੰਚਾਰਜ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਦੀ ਅੱਜ ਦੁਪਹਿਰ ਇਕ ਬੰਦ ਕਮਰਾ ਮੀਟਿੰਗ ਸੱਦੀ। ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਹਾਲ ਹੀ ਦੀਆਂ ਘਟਨਾਵਾਂ 'ਚ ਸ਼ਾਮਲ ਹੋਣ 'ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਨਾ ਹੀ ਮੀਡੀਆ ਅਤੇ ਨਾ ਹੀ ਅਦਾਲਤਾਂ ਮਤਭੇਦ ਹੱਲ ਕਰਨ ਦਾ ਢੁੱਕਵਾਂ ਮੰਚ ਹਨ ਅਤੇ ਇਨ੍ਹਾਂ ਨੂੰ ਅੰਦਰੂਨੀ ਰੂਪ ਵਿਚ ਹੀ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੁਮੇਧ ਸਿੰਘ ਸੈਣੀ ਤੋਂ ਇਲਾਵਾ ਪੰਜਾਬ ਪੁਲਸ ਦੇ ਸਾਰੇ ਡੀ. ਜੀ. ਪੀ. ਅਤੇ 17 ਏ. ਡੀ. ਜੀ. ਪੀ. ਹਾਜ਼ਰ ਸਨ।