ਪੰਜਾਬ ਪੁਲਸ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ : ਕੈਪਟਨ

10/22/2019 1:51:40 AM

ਜਲੰਧਰ,(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ ਪੰਜਾਬ ਪੁਲਸ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਪੁਲਸ ਸ਼ਹੀਦੀ ਦਿਵਸ ਦੇ ਮੌਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼ਹੀਦੀਆਂ ਦੇਣ ਵਾਲੇ ਉਨ੍ਹਾਂ ਪੁਲਸ ਜਵਾਨਾਂ ਤੇ ਅਧਿਕਾਰੀਆਂ ਨੂੰ ਸਲਾਮ ਕਰਦੇ ਹਨ। ਜਿਨ੍ਹਾਂ ਨੇ ਰਾਸ਼ਟਰ ਦੀ ਏਕਤਾ ਤੇ ਅਖੰਡਤਾ ਦੀ ਖ਼ਾਤਿਰ ਆਪਣੀਆਂ ਕੁਰਬਾਨੀਆਂ ਦਿੱਤੀਆਂ ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਮਾਤਾ ਦੀ ਸੇਵਾ 'ਚ ਮਹਾਨ ਕੁਰਬਾਨੀਆਂ ਦੇਣ ਵਾਲੇ ਪੁਲਸ ਅਧਿਕਾਰੀਆਂ ਤੇ ਜਵਾਨਾਂ ਨੂੰ ਦੇਸ਼ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਪੁਲਸ ਜਵਾਨਾਂ ਤੇ ਅਧਿਕਾਰੀਆਂ ਦੀ ਬਹਾਦਰੀ ਤੇ ਸਮਰਪਣ ਹਮੇਸ਼ਾ ਸਾਡੀਆਂ ਯਾਦਾਂ 'ਚ ਬਣੇ ਰਹਿਣਗੇ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੁਲਸ ਸ਼ਹੀਦੀ ਦਿਵਸ ਹਰ ਵਰ੍ਹੇ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਤੇ ਇਹ ਦਿਨ ਸਾਨੂੰ ਯਾਦ ਦੁਆਉਂਦਾ ਕਿ ਸਾਡੀ ਪੁਲਸ ਫੋਰਸ ਨੇ ਕਿੰਨੀ ਬਹਾਦਰੀ ਨਾਲ ਦੇਸ਼ ਦੇ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਉਨ੍ਹਾਂ ਨੂੰ ਭਾਂਜ ਦਿੱਤੀ ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ 'ਚ ਪੁਲਸ ਬਲਾਂ ਨੇ ਦਹਿਸ਼ਤਗਰਦੀ ਵਿਰੁੱਧ ਲੜਦਿਆਂ ਕੁਰਬਾਨੀਆਂ ਦਿੱਤੀਆਂ ਅਤੇ ਦਹਿਸ਼ਤਗਰਦੀ ਨੂੰ ਭਾਂਜ ਦੇ ਕੇ ਪੂਰੇ ਵਿਸ਼ਵ 'ਚ ਇੱਕ ਮਿਸਾਲ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਾਜ ਦੇ ਪੁਰਅਮਨ ਮਾਹੌਲ ਨੂੰ ਕ਼ਾਇਮ ਰੱਖਣ ਲਈ ਦ੍ਰਿੜ੍ਹ ਸੰਕਲਪ ਕੀਤੇ ਹੋਏ ਹੈ ਅਤੇ ਦੇਸ਼ ਵਿਰੋਧੀ ਸ਼ਕਤੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਆਪਾਂ ਸਭ ਨੇ ਸੂਬੇ 'ਚ ਆਪਸੀ ਭਾਈਚਾਰਾ ਅਤੇ ਫ਼ਿਰਕੂ ਇੱਕਸੁਰਤਾ ਬਣਾਈ ਰੱਖਦੇ ਹੋਏ ਰਾਜ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੇ ਰਾਹ 'ਤੇ ਲਿਜਾਣਾ ਹੈ ।