ਪੰਜਾਬ ਦੇ ਨਵੇਂ 9 ''ਰਤਨ'' ਕੈਬਨਿਟ ਤੋਂ ਅਣਜਾਣ!

04/25/2018 6:30:47 AM

ਲੁਧਿਆਣਾ  (ਮੁੱਲਾਂਪੁਰੀ) - ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਜਿਹੜੇ 9 ਰਤਨ ਭਾਵ ਨਵੇਂ 9 ਚਿਹਰਿਆਂ ਨੂੰ ਪੰਜਾਬ ਕੈਬਨਿਟ ਦੀ ਵਾਗਡੋਰ ਸੰਭਾਲੀ ਗਈ ਹੈ। ਉਨ੍ਹਾਂ 'ਚੋਂ 9 ਵਿਧਾਇਕ ਪਹਿਲੀ ਵਾਰ ਮੰਤਰੀ ਬਣੇ ਹਨ। ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ, ਵਿਜੇ ਇੰਦਰ ਸਿੰਗਲਾ, ਓ. ਪੀ. ਸੋਨੀ, ਸੁੱਖ ਸਰਕਾਰੀਆ, ਰਾਣਾ ਗੁਰਜੀਤ ਸੋਢੀ, ਭਾਰਤ ਭੂਸ਼ਨ ਆਸ਼ੂ, ਬਲਵੀਰ ਸਿੰਘ ਮੋਹਾਲੀ, ਗੁਰਪ੍ਰੀਤ ਕਾਂਗੜ, ਸੁੰਦਰ ਸ਼ਾਮ ਅਰੋੜਾ ਹਨ। ਇਹ ਵਜ਼ੀਰ ਘੱਟੋ-ਘੱਟ 6 ਮਹੀਨਿਆਂ 'ਚ ਆਪਣੇ ਵਿਭਾਗ ਅਤੇ ਕੈਬਨਿਟ ਦੀ ਜਾਣਕਾਰੀ ਤੋਂ ਵਾਕਫ ਹੋਣਗੇ। ਕਿਉਂਕਿ ਵੱਡੇ ਮਹਿਕਮਿਆਂ ਦੇ ਇਹ ਵਜ਼ੀਰ ਪਹਿਲੀ ਵਾਰ ਇਨ੍ਹਾਂ ਕੁਰਸੀਆਂ 'ਤੇ ਬਿਰਾਜਮਾਨ ਹੋਏ ਹਨ, ਜਦੋਂਕਿ ਔਰਤ ਵਿਧਾਇਕਾਂ ਜੋ ਰਾਜ ਮੰਤਰੀ ਸਨ, ਰਜ਼ੀਆ ਸੁਲਤਾਨਾ ਤੇ ਅਰੁਣਾ ਚੌਧਰੀ ਇਕ ਸਾਲ ਵਿਚ ਟਰੇਂਡ ਹੋਣ ਤੋਂ ਬਾਅਦ ਕੈਬਨਿਟ ਦੇ ਰੁਤਬੇ ਲਈ ਗਿਆਨ ਵਾਨ ਹੋ ਚੁੱਕੀਆਂ ਹਨ ਪਰ ਕੈਪਟਨ ਸਰਕਾਰ ਵਿਚ ਇਹ 9 ਰਤਨ ਅਜੇ ਥੋੜ੍ਹੇ ਦਿਨ ਅਣਜਾਣਤਾ ਕਾਰਨ ਬੋਚ-ਬੋਚ ਕੇ ਪੈਰ ਧਰਨਗੇ। ਭਾਵੇਂ ਇਹ ਮੰਤਰੀ ਦੋ ਤਿੰਨ ਜਾਂ ਚਾਰ ਵਾਰ ਵਿਧਾਇਕ ਤਾਂ ਬਣ ਚੁੱਕੇ ਸਨ ਪਰ ਝੰਡੀ ਤੇ ਵਜ਼ੀਰੀ ਦਾ ਰੁਤਬਾ ਜੋ ਵੱਡਾ ਸਥਾਨ ਰੱਖਦਾ ਹੈ, ਉਹ ਇਨ੍ਹਾਂ ਨੂੰ ਹੁਣ ਨਸੀਬ ਹੋਇਆ ਹੈ।