''ਪੰਜਾਬ ਦੇ ਮਿਡਲ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ''

03/23/2021 11:50:39 PM

ਅੰਮ੍ਰਿਤਸਰ, (ਦਲਜੀਤ ਸ਼ਰਮਾ)- ਪੰਜਾਬ ਦੀ ਸਕੂਲੀ ਸਿੱਖਿਆ ’ਚ ਵੱਡੇ ਸੁਧਾਰ ਕਰਨ ਅਤੇ ਵੱਡੀਆਂ ਮੱਲਾਂ ਮਾਰਨ ਦੇ ਝੂਠੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਆਨਲਾਈਨ ਬਦਲੀਆਂ ਦੀ ਆੜ ’ਚ ਪੰਜਾਬ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ’ਚ ਅਸਾਮੀਆਂ ਘੱਟ ਕਰਨ ਦੇ ਰਾਹ ਤੁਰ ਪਈ ਹੈ। ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵੀ ‘ਨਵਾਂ ਨਰੋਆ ਪੰਜਾਬ’ ਤਹਿਤ ਕੀਤੇ ਜਾ ਰਹੇ ਸੰਬੋਧਨ ’ਚ ਆਪ ਮੰਨ ਚੁੱਕੇ ਹਨ ਕਿ ਜੋ ਸਟੇਸ਼ਨ ਆਉਣ ਲਾਈਨ ਬਦਲੀਆਂ ਦੇ ਪੋਰਟਲ 'ਤੇ ਦਿਖਾਈ ਨਹੀਂ ਦੇ ਰਹੇ, ਉਹ ਸਟੇਸ਼ਨ ਰੈਸ਼ਨੇਲਾਈਜ਼ੇਸ਼ਨ ਤਹਿਤ ਖ਼ਤਮ ਹੋ ਚੁੱਕੇ ਹਨ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਅਤੇ ਜ਼ਿਲਾ ਜਨਰਲ ਸਕੱਤਰ ਲਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਕੁੱਝ ਸਮਾਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਰੈਸ਼ਨੇਲਾਈਜ਼ੇਸ਼ਨ ਸਕੂਲ ਪੱਧਰ ਤੋਂ ਸ਼ੁਰੂ ਕੀਤੀ ਗਈ ਸੀ, ਪਰੰਤੂ ਮੌਜੂਦਾ ਸਿੱਖਿਆ ਸਕੱਤਰ ਨੇ ‘ਨਵੀਂ ਅਧਿਆਪਕ ਤਬਾਦਲਾ ਨੀਤੀ’ ਦੀ ਆੜ ਤਹਿਤ ਰੈਸ਼ਨੇਲਾਈਜ਼ੇਸ਼ਨ ਦਾ ਅਜਿਹਾ ਤੀਰ ਛੱਡਿਆ, ਜਿਸ ਨੇ ਨਾ ਸਿਰਫ਼ ਵਿਭਾਗ ਦੇ ਅਧਿਆਪਕਾਂ ਨੂੰ ਸਗੋਂ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਅਧਿਆਪਕਾਂ ਦੇ ਭਵਿੱਖ ’ਚ ‘ਰੁਜ਼ਗਾਰ ਦੀਆਂ ਆਸਾਂ’ ਨੂੰ ਮਿੱਟੀ ’ਚ ਮਿਲਾ ਕੇ ਰੱਖ ਦਿੱਤਾ ਹੈ।ਪੰਜਾਬ ਦੇ ਸਮੂਹ ਮਿਡਲ ਸਕੂਲਾਂ ਦੀਆਂ ਖਾਲੀ ਅਸਾਮੀਆਂ ਆਨਲਾਈਨ ਬਦਲੀਆਂ ਦੀ ਆੜ ’ਚ ਨੇੜੇ ਦੇ ਸੀਨੀਅਰ ਸਕੈਡੰਰੀ ਸਕੂਲਾਂ ਨੂੰ ਦੇ ਕੇ ਆਉਣ ਵਾਲੇ ਸਮੇਂ ’ਚ ਵਿੱਤੀ ਬੋਝ ਨੂੰ ਘਟਾਉਣ ਅਤੇ ਮਿਡਲ ਸਕੂਲਾਂ ਚੋਂ ਅਸਾਮੀਆਂ ਖ਼ਤਮ ਕਰਨ ਦੀ ਮਨਸ਼ਾ ਨੇ ਪੰਜਾਬ ਦੇ ਮਿਡਲ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲਗਾ ਦਿੱਤਾ ਹੈ, ਜਿਸ ਦਾ ਜਵਾਬ ਪੰਜਾਬ ਦੀ ਜਨਤਾ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੈਪਟਨ ਸਰਕਾਰ ਨੂੰ ਦੇਵੇਗੀ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਰੈਸ਼ਨੇਲਾਈਜੇਸ਼ਨ ਰੱਦ ਕਰਕੇ 2018 ’ਚ ਸਾਂਝੇ ਮੋਰਚੇ ਵਲੋਂ ਦਿੱਤੇ ਸੁਝਾਅ ਅਨੁਸਾਰ ਨੀਤੀ ਲਾਗੂ ਕੀਤੀ ਜਾਵੇ, ਬਦਲੀਆਂ ਦੀ ਆੜ ’ਚ ਪੋਸਟਾਂ ਦਾ ਖਾਤਮਾ ਬੰਦ ਕੀਤਾ ਜਾਵੇ, ਸਾਰੇ ਸਕੂਲਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਨੂੰ ਜਨਤਕ ਕੀਤਾ ਜਾਵੇ, ਮਿਡਲ ਸਕੂਲਾਂ ’ਚ 6 ਅਧਿਆਪਕਾਂ ਦੀਆਂ ਅਸਾਮੀਆਂ ਨੂੰ ਬਰਕਰਾਰ ਰੱਖਦਿਆਂ ਇਹਨਾਂ ਨੂੰ ਬਦਲੀ ਪਰਕਿਰਿਆ ਦੌਰਾਨ ਵੱਖਰੇ ਤੌਰ 'ਤੇ ਦਿਖਾਇਆ ਜਾਵੇ, ਜ਼ਿਲੇ ਤੋਂ ਬਾਹਰ ਭਰਤੀ/ਪਦਉੱਨਤ ਹੋਏ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ, ਮਿਡਲ ਸਕੂਲਾਂ ’ਚੋਂ 228 ਪੀ. ਟੀ. ਆਈਜ਼ ਨੂੰ ਜਬਰੀ ਸ਼ਿਫਟ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ, ਅਮਰਜੀਤ ਸਿੰਘ ਭੱਲਾ, ਅਮਰਜੀਤ ਸਿੰਘ ਵੇਰਕਾ,  ਸੁਵਿੰਦਰ ਸਿੰਘ ਭੰਗਾਲੀ, ਸੁਖਰਾਜ ਸਿੰਘ ਸਰਕਾਰੀਆ, ਡਾ. ਗੁਰਦਿਆਲ ਸਿੰਘ, ਵਿਪਨ ਰਿਖੀ, ਰਾਜਵਿੰਦਰ ਸਿੰਘ ਚਿਮਨੀ, ਸੁਖਦੇਵ ਸਿੰਘ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ, ਚਰਨਜੀਤ ਸਿੰਘ ਵਿਛੋਆ, ਕੇਵਲ ਸਿੰਘ, ਕੁਲਦੀਪ ਤੋਲਾਨੰਗਲ, ਸ਼ਮਸ਼ੇਰ ਸਿੰਘ, ਦਿਲਬਾਗ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਚੇਤਨ ਤੇੜਾ,ਨਰਿੰਦਰ ਮੱਲੀਆਂ,ਦੀਪਕ ਕੁਮਾਰ, ਪਰਮਿੰਦਰ ਸਿੰਘ ਰਾਜਾਸਾਂਸੀ, ਸੁਬੇਗ ਸਿੰਘ, ਕਿਰਨਦੀਪ ਸਿੰਘ, ਬਖਸ਼ੀਸ਼ ਸਿੰਘ ਬੱਲ ਆਦਿ ਹਾਜ਼ਰ ਰਹੇ।

ਇਹ ਵੀ ਪੜ੍ਹੋ - ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ

Sunny Mehra

This news is Content Editor Sunny Mehra