ਪੰਜਾਬ ’ਚ ਸ਼ਰਾਬ ‘ਠੇਕੇਦਾਰਾਂ’ ਨੂੰ ਲੱਗ ਰਿਹੈ ਰੋਜ਼ਾਨਾ ਕਰੋੜਾਂ ਰੁਪਏ ਦਾ ਆਰਥਿਕ ‘ਰਗੜਾ’

05/17/2021 1:50:49 AM

ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿਥੇ ਕੋਰੋਨਾ ਕਹਿਰ ਦੀ ਚੱਲ ਰਹੀ ਦੂਜੀ ਲਹਿਰ ਕਾਰਣ ਸਮੁੱਚਾ ਕਾਰੋਬਾਰ ਤਾਂ ਪ੍ਰਭਾਵਿਤ ਹੋਇਆ ਹੈ, ਪਰੰਤੂ ਸਰਕਾਰ ਦੀ ਕਰੋੜਾਂ ਰੁਪਏ ਦੀ ਆਮਦਨੀ ਦੇ ਵੱਡੇ ਸ੍ਰੋਤ ਐਕਸਾਈਜ਼ ਮਹਿਕਮੇ ਦੇ ਸ਼ਰਾਬ ਦੇ ‘ਠੇਕੇ’ ਬੰਦ ਰਹਿਣ ਦੇ ਬਾਵਜੂਦ ਵੀ ਪੈ ਰਹੇ ਟੈਕਸਾਂ ਕਰ ਕੇ ਸੂਬੇ ਦੇ ਸ਼ਰਾਬ ਠੇਕੇਦਾਰਾਂ ਨੂੰ ਰੋਜ਼ਾਨਾਂ ਕਰੋੜਾਂ ਰੁਪਏ ਦਾ ਆਰਥਿਕ ‘ਰਗੜਾ’ ਲੱਗ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭਾਵੇਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਪਹਿਲਾਂ ਹੀ ਦੇ ਦਿੱਤੀ ਹੈ, ਪਰੰਤੂ ਅਸਲੀਅਤ ਇਹ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਦੀ ਸੇਲ ਢਲਦੀ ਸ਼ਾਮ ਹੀ ਸ਼ੁਰੂ ਹੁੰਦੀ ਹੈ, ਇਥੇ ਹੀ ਬੱਸ ਨਹੀਂ ਹਫ਼ਤਾਵਾਰੀ ਲਾਕਡਾਊਨ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਾਹੀ ਦੇ ਫੈਸਲੇ ਨੇ ਸ਼ਰਾਬ ਠੇਕੇਦਾਰਾਂ ਨੂੰ ਹੋਰ ਵੀ ਆਰਥਿਕ ਮੰਦਹਾਲੀ ਵਿਚ ਧਕੇਲ ਦਿੱਤਾ ਹੈ। ਪਤਾ ਲੱਗਾ ਹੈ ਕਿ ਜੇਕਰ ਸਰਕਾਰ ਨੇ ਸ਼ਰਾਬ ਠੇਕੇਦਾਰਾਂ ਦੀਆਂ ਮੰਗਾਂ ਸਬੰਧੀ ਧਿਆਨ ਨਾ ਦਿੱਤਾ ਤਾਂ ਐਤਕੀ ਬਹੁਤ ਸਾਰੇ ਠੇਕੇਦਾਰ ਆਪਣੇ ਕਾਰੋਬਾਰ ਅੱਧਵਾਟੇ ਛੱਡ ਕੇ ਭੱਜਣ ਦੀ ਕੰਗਾਰ ’ਤੇ ਪੁੱਜ ਸਕਦੇ ਹਨ।

‘ਜਗ ਬਾਣੀ’ ਵੱਲੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ ਜਦੋਂ ਸਾਲ 2020-2021 ਲਈ ਸ਼ਰਾਬ ਦੇ ਠੇਕੇਦਾਰਾਂ ਨੂੰ ਲੰਘੇ ਵਰ੍ਹੇ ਦੁਕਾਨਾਂ ਦੀ ਅਲਾਟਮੈਂਟ ਹੋ ਗਈ ਸੀ, ਉਸ ਮਗਰੋਂ ਇਕਦਮ ਕੋਰੋਨਾ ਦਾ ਕਹਿਰ ਵੱਧ ਗਿਆ ਅਤੇ ਇਸ ਮਗਰੋਂ ਜਦੋਂ ਸ਼ਰਾਬ ਦੇ ਠੇਕੇ ਸ਼ੁਰੂ ਹੋਏ ਤਾਂ ਸਰਕਾਰ ਨੇ ਕੋਰੋਨਾ ਕਹਿਰ ਨਾਲ ਨਜਿੱਠਣ ਲਈ ਲਗਭਗ ਪ੍ਰਤੀ ਸਰਕਲ ਨੂੰ 30 ਲੱਖ ਰੁਪਏ ਦਾ ਵਾਧੂ ਟੈਕਸ ਲਗਾਇਆਂ ਸੀ ਅਤੇ ਇਸ ਕੋਰੋਨਾ ਕਰਫਿਊ ਦੇ ਕਹਿਰ ਦੌਰਾਨ ਪੰਜਾਬ ਦੇ ਸਮੂਹ ਠੇਕੇਦਾਰਾਂ ਨੇ ਪੰਜਾਬ ਸਰਕਾਰ ਦਾ ਸਿੱਧੇ ਤੌਰ ’ਤੇ ਸਹਿਯੋਗ ਕਰਦੇ ਹੋਏ ਇਹ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਏ ਸਨ ਤਾਂ ਜੋਂ ਉਹ ਵੀ ਇਸ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾ ਦੀ ਪਾਲਣਾ ਕਰਨ।

ਇਸ ਤੋਂ ਇਲਾਵਾ ਸ਼ਹਿਰ ਅੰਦਰਲੀ ਸ਼ਰਾਬ ਦੀਆਂ ਦੁਕਾਨਾਂ ਤੋਂ ਨਿਗਮਾਂ, ਕਮੇਟੀਆਂ ਨੂੰ ਆਮਦਨੀ ਤੋਂ ਇਲਾਵਾ ਗਊ ਸੈਸ ਟੈਕਸ ਵੀ ਲੱਗੇ ਹਨ, ਜਿਸ ਕਰ ਕੇ ਸਰਕਾਰ ਦੀ ਆਮਦਨੀ ਦਾ ਵੱਡਾ ਸ੍ਰੋਤ ਮਹਿਕਮਾ ਹੋਰ ਥਾਵਾਂ ’ਤੇ ਵੀ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਪਰੰਤੂ ਸਵਾਲ ਇਹ ਉੱਠਦਾ ਹੈ ਕਿ ਇਸ ਬਿਪਤਾ ਦੀ ਘੜੀ ਵਿਚ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਦੀ ਸਰਕਾਰ ਵੱਲੋਂ ਬਾਂਹ ਨਾ ਫੜ੍ਹਨ ਕਰ ਕੇ ਸ਼ਰਾਬ ਠੇਕੇਦਾਰ ‘ਖਫ਼ਾ’ ਹਨ।

ਕੋਰੋਨਾ ਕਹਿਰ ’ਚ ਸ਼ਰਾਬ ਅਤੇ ਬੀਅਰ ਦੀ ਬੋਤਲ ’ਤੇ ਲੱਗੇ ਟੈਕਸ
ਇਕੱਤਰ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਿਛਲੇ ਵਰ੍ਹੇ ਤੋਂ ਬੀਅਰ ਦੀ ਬੋਤਲ ਅਤੇ ਸ਼ਰਾਬ ਦੀਆਂ ਬੋਤਲਾਂ ’ਤੇ ਵੱਡੇ ਟੈਕਸ ਲਗਾਏ ਗਏ ਹਨ ਅਤੇ ਐਤਕੀ ਕੋਰੋਨਾ ਦੀ ਚੱਲ ਰਹੀ ਦੂਜੀ ਲਹਿਰ ਦੌਰਾਨ ਵੀ ਸਰਕਾਰ ਨੇ ਇਹ ਟੈਕਸ ਜਾਰੀ ਰੱਖੇ ਹਨ। ਪੰਜਾਬ ਦੇ ਸ਼ਰਾਬ ਠੇਕੇਦਾਰ ਇਸ ਮਹਾਮਾਰੀ ਦੌਰਾਨ ਵੱਡਾ ਸਹਿਯੋਗ ਦੇ ਕੇ ਪੰਜਾਬ ਦੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇ ਰਹੇ ਹਨ।

ਪੰਜਾਬ ਦੇ ਹੋਰਨਾਂ ਜ਼ਿਲਿਆਂ ਦੀ ਤਰਜ਼ ’ਤੇ ਮੋਗਾ ’ਚ ਵੀ ਹਫ਼ਤਵਾਰੀ ਲਾਕਡਾਊਨ ਦੌਰਾਨ ਖੋਲ੍ਹੇ ਜਾਣ ਠੇਕੇ : ਇੰਦਰਪਾਲ ਸਿੰਘ ਬੱਬੀ
ਮੋਗਾ ਦੇ ਵੱਡੇ ਸ਼ਰਾਬ ਕਾਰੋਬਾਰੀ ਇੰਦਰਪਾਲ ਸਿੰਘ ਬੱਬੀ ਦਾ ਕਹਿਣਾ ਸੀ ਕਿ ਪੰਜਾਬ ਦੇ ਪਟਿਆਲਾ, ਰੋਪੜ, ਮੋਹਾਲੀ ਅਤੇ ਹੋਰਨਾਂ ਜ਼ਿਲਿਆਂ ਵਿਚ ਹਫ਼ਤਾਵਰੀ ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ ਅਤੇ ਇਸੇ ਤਰਜ਼ ’ਤੇ ਮੋਗਾ ਜ਼ਿਲੇ ਵਿਚ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਤੱਥਾਂ ਸਹਿਤ ਸ਼ਰਾਬ ਦੇ ਠੇਕੇਦਾਰਾਂ ਵਲੋਂ ਕੋਰੋਨਾ ਕਾਲ ਦੌਰਾਨ ਨਜਿੱਠਣ ਲਈ ਨਿਭਾਈ ਜਾ ਰਹੀ ਭੂਮਿਕਾ ਸਬੰਧੀ ਦੱਸਦੇ ਕਿਹਾ ਕਿ ਠੇਕੇਦਾਰਾਂ ਨੂੰ ਬਿਨ੍ਹਾਂ ਵਜਾ ਬਦਨਾਮ ਕੀਤਾ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਹਰ ਸਰਕਲ ਕੋਰੋਨਾ ਕਰ ਕੇ 30 ਲੱਖ ਰੁਪਏ ਵਾਧੂ ਟੈਕਸ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਠੇਕੇਦਾਰ ਵੀ ਹੋਰਨਾਂ ਕਾਰੋਬਾਰਾਂ ਦੀ ਤਰ੍ਹਾਂ ਆਪਣਾ ਸਾਫ਼-ਸੁਥਰਾ ਕਾਰੋਬਾਰ ਕਰਦੇ ਹਨ, ਪਰੰਤੂ ਹੈਰਾਨੀ ਦੀ ਗੱਲ ਹੈ ਕਿ ਬੰਦ ਪਈਆਂ ਦੁਕਾਨਾਂ ’ਤੇ ਵੀ ਟੈਕਸਾਂ ਦੀ ਮਾਰ ਪੈ ਰਹੀ ਹੈ।

ਸ਼ਰਾਬ ਠੇਕੇਦਾਰਾਂ ਦੀ ਨੂੰ ਵਿਸ਼ੇਸ਼ ਰਿਆਇਤਾ ਦੇਵੇ ਸਰਕਾਰ : ਵਿੱਕੀ ਸ਼ਰਮਾ
ਬਾਘਾ ਪੁਰਾਣਾ ਦੇ ਸ਼ਰਾਬ ਠੇਕੇਦਾਰ ਤੇ ਲੰਮੇਂ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜੇ ਵਿੱਕੀ ਸ਼ਰਮਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਸਰਕਾਰ ਨੇ ਪਿਛਲੇ ਵਰ੍ਹੇ ਹਰ ਕਾਰੋਬਾਰ ਲਈ ਵਿਸ਼ੇਸ਼ ਰਿਆਇਤਾ ਦਿੱਤੀਆਂ ਸਨ ਉਸੇ ਤਰਜ਼ ’ਤੇ ਐਤਕੀ ਵੀ ਸ਼ਰਾਬ ਦੇ ਠੇਕੇਦਾਰਾਂ ਨੂੰ ਸਰਕਾਰ ਰਿਆਇਤ ਦੇਵੇ। ਉਨ੍ਹਾਂ ਕਿਹਾ ਕਿ ਸ਼ਰਾਬ ਤੋਂ ਸਰਕਾਰ ਨੂੰ ਵੱਡੀ ਆਮਦਨੀ ਦੇ ਨਾਲ-ਨਾਲ ਅਨੇਕਾਂ ਹੋਰ ਟੈਕਸਾਂ ਦੀ ਕਮਾਈ ਹੁੰਦੀ ਹੈ, ਪਰੰਤੂ ਸਰਕਾਰੀ ਖ਼ਜਾਨੇ ਲਈ ਕੰਮ ਕਰਨ ਵਾਲੇ ਸ਼ਰਾਬ ਦੇ ਠੇਕੇਦਾਰ ਅੱਜ ਆਪ ਪ੍ਰੇਸ਼ਾਨੀ ਦੇ ਆਲਮ ਵਿਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇ ਥੋੜ੍ਹਾ ਸਮਾਂ ਖੁੱਲ੍ਹਣ ਕਰ ਕੇ ਠੇਕੇਦਾਰਾਂ ਦਾ ਨੁਕਸਾਨ ਹੋ ਰਿਹਾ ਹੈ।

ਕਿਹਾ-ਸਰਕਾਰ ਸ਼ਰਾਬ ਠੇਕੇਦਾਰਾਂ ਦੀਆਂ ਮੰਗਾਂ ਮੰਨੇ
ਮੋਗਾ ਵਿਖੇ ਲੰਮੇਂ ਸਮੇਂ ਤੋਂ ਸ਼ਰਾਬ ਦਾ ਕਾਰੋਬਾਰ ਕਰਦੇ ਰਾਜੂ ਮੋਗਾ ਦਾ ਕਹਿਣਾ ਸੀ ਕਿ ਪਿਛਲੇ ਵਰ੍ਹੇ 21 ਮਾਰਚ ਨੂੰ ਕਰਫਿਊ ਲੱਗਿਆ ਸੀ ਅਤੇ ਠੇਕੇ ਬੰਦ ਹੋ ਗਏ ਸਨ, ਜਦੋਂ ਕਿ ਪੰਜਾਬ ਦੇ ਠੇਕੇਦਾਰਾਂ ਵੱਲੋਂ 31 ਮਾਰਚ 2020 ਤੱਕ ਫ਼ੀਸ ਦੇ ਪੈਸੇ ਅਗਾਊਂ ਭਰੇ ਸਨ, ਜੋ ਅੱਜ ਤੱਕ ਵਾਪਿਸ ਨਹੀਂ ਆਏ। ਉਨ੍ਹਾਂ ਕਿਹਾ ਕਿ ਹੁਣ ਵੀ ਵੀਕ ਐਂਡ ’ਤੇ ਦੁਕਾਨਾਂ ਬੰਦ ਰਹਿਣ ਅਤੇ ਸ਼ਾਮ 5 ਵਜੇ ਦੁਕਾਨਾ ਬੰਦ ਕਰਨ ਦੇ ਹੁਕਮਾ ਕਰ ਕੇ ਠੇਕੇਦਾਰਾਂ ਨੂੰ ਰੋਜ਼ਾਨਾ ਵੱਡਾ ਆਰਥਿਕ ਰਗੜਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਦੌਰਾਨ ਸ਼ਰਾਬ ਠੇਕੇਦਾਰ ਸਰਕਾਰ ਦੇ ਚੰਗੇ ਫੈਸਲੇ ਦੀ ਉਡੀਕ ਕਰ ਰਹੇ ਹਨ, ਪਰੰਤੂ ਹਾਲੇ ਤੱਕ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਠੇਕੇਦਾਰਾਂ ਦੀਆਂ ਮੰਗਾਂ ਮੰਨੇ।

Bharat Thapa

This news is Content Editor Bharat Thapa