ਪੰਜਾਬ ਨੇ ਮੌਤ ਦਰ ’ਤੇ ਕਾਬੂ ਪਾਉਣ ਲਈ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਰਕਰਨ ਦਾ ਟੀਚਾ ਮਿੱਥਿਆ

04/10/2021 1:01:17 AM

ਚੰਡੀਗੜ੍ਹ (ਅਸ਼ਵਨੀ)–ਪੰਜਾਬ ਵਿਚ ਮੌਤ ਦਰ ’ਤੇ ਕਾਬੂ ਪਾਉਣ ਲਈ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਅੱਜ ਇਥੇ ਸਿਹਤ ਵਿਭਾਗ ਨੂੰ ਚੱਲ ਰਹੀ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ।
ਉਨ੍ਹਾਂ ਸੂਬੇ ਵਿਚ ਕੋਵਿਡ ਦੇ ਢੁੱਕਵੇਂ ਪ੍ਰਬੰਧਨ ਲਈ ਹਰੇਕ ਜ਼ਿਲੇ ਵਾਸਤੇ ਇਕ-ਇਕ ਕਰੋੜ ਰੁਪਏ ਦੇ ਵਿਸ਼ੇਸ਼ ਫੰਡ ਦਾ ਐਲਾਨ ਕੀਤਾ। ਸੂਬੇ ਵਿਚ ਕੋਵਿਡ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਨਾਲ ਲੜਾਈ ਵਿਚ ਫੰਡਾਂ ਦੀ ਕੋਈ ਕਮੀ ਨਹੀਂ ਹੈ।

ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ

ਉਨ੍ਹਾਂ ਸਿਹਤ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਕਿ ਵਾਇਰਸ ਨੂੰ ਹਰਾਉਣ ਲਈ ਹਫ਼ਤੇ ਵਿਚ 2 ਦਿਨ (ਮੰਗਲਵਾਰ ਅਤੇ ਸ਼ੁੱਕਰਵਾਰ) ਨੂੰ ਵੱਡੇ ਪੱਧਰ ’ਤੇ ਟੀਕਾਕਰਨ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕੀਤਾ ਜਾ ਸਕੇ।ਉਨ੍ਹਾਂ ਅਪ੍ਰੈਲ ਮਹੀਨੇ ਲਈ ਸੂਬੇ ਦਾ ਹਫ਼ਤਾਵਾਰੀ ਟੀਚਾ 16 ਲੱਖ ਤੋਂ ਵੱਧ ਵਿਅਕਤੀਆਂ ਦੇ ਟੀਕਾਕਰਨ ਦਾ ਮਿੱਥਿਆ।
ਪ੍ਰਸ਼ਾਸਕੀ ਸਕੱਤਰਾਂ, ਡਿਪਟੀ ਕਮਿਸ਼ਨਰਾਂ, ਪੁਲਸ ਕਮਿਸ਼ਨਰਾਂ/ਸੀਨੀਅਰ ਸੁਪਰਡੈਂਟ ਆਫ਼ ਪੁਲਸ ਅਤੇ ਰਾਜ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਮੂਨੇ ਲੈਣ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 50,000 ਕੀਤੀ ਜਾਵੇ ਅਤੇ ਹਰੇਕ ਪਾਜ਼ੇਟਿਵ ਵਿਅਕਤੀ ਪਿੱਛੇ ਘੱਟੋ-ਘੱਟ 20 ਸੰਪਰਕਾਂ ਦਾ ਪਤਾ ਲਾ ਕੇ ਉਨ੍ਹਾਂ ਦਾ ਪ੍ਰੋਟੋਕੋਲ ਅਨੁਸਾਰ ਟੈਸਟ ਕਰਵਾਇਆ ਜਾਵੇ ਤਾਂ ਜੋ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵਿਭਾਗ ਕੋਲ ਸਟਾਫ਼ ਦੀ ਕਮੀ ਹੋਣ ਦੀ ਸੂਰਤ ਵਿਚ ਹੋਰਨਾਂ ਵਿਭਾਗਾਂ ਦੇ ਸਟਾਫ਼ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਅਧਿਕਾਰੀ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਖ਼ਤ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਉਹ ਹਰੇਕ ਘਰੇਲੂ ਇਕਾਂਤਵਾਸ ਅਧੀਨ ਮਰੀਜ਼ ਤੱਕ 10 ਦਿਨਾਂ ਵਿਚ ਤਿੰਨ ਵਾਰ ਪਹੁੰਚ ਕਰਨਗੇ। ਜੇਕਰ ਕਿਸੇ ਮਰੀਜ ਦੀ ਸਥਿਤੀ ਵਿਗੜਦੀ ਹੈ ਤਾਂ ਮੌਤ ਦਰ ਨੂੰ ਕਾਬੂ ਵਿਚ ਰੱਖਣ ਲਈ ਮਰੀਜ਼ ਨੂੰ ਜਿੰਨੀ ਜਲਦੀ ਹੋ ਸਕੇ ਹਸਪਤਾਲ ਭੇਜਣਾ ਯਕੀਨੀ ਬਣਾਇਆ ਜਾਵੇਗਾ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਲਈ ਹੋਰ 50,000 ਫ਼ਤਿਹ ਕਿੱਟਾਂ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਸੂਬੇ ਵਿਚ ਕੋਵਿਡ ਵੈਕਸੀਨ ਦੀ ਕੋਈ ਘਾਟ ਨਹੀਂ ਹੈ।

ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ 

ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਪੁਲਸ ਫੋਰਸ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਕੁਲ 65611 ਪੁਲਸ ਮੁਲਾਜਮਾਂ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ ਜੋ ਕਿ ਕੁੱਲ ਪੁਲਸ ਫੋਰਸ ਦਾ ਲਗਭਗ 79 ਫ਼ੀਸਦੀ ਹੈ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ, ਜੰਗਲਾਤ ਅਤੇ ਜੰਗਲੀ ਜੀਵ ਰਵਨੀਤ ਕੌਰ, ਵਧੀਕ ਮੁੱਖ ਸਕੱਤਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸੰਜੇ ਕੁਮਾਰ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁੱਧ ਤਿਵਾੜੀ, ਵਧੀਕ ਮੁੱਖ ਸਕੱਤਰ ਪੇਂਡੂ ਵਿਕਾਸ ਅਤੇ ਪੰਚਾਇਤ ਸੀਮਾ ਜੈਨ, ਪ੍ਰਮੁੱਖ ਸਕੱਤਰ ਵਿੱਤ ਕੇ. ਏ. ਪੀ. ਸਿਨਹਾ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਡੀ. ਕੇ. ਤਿਵਾੜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Sunny Mehra

This news is Content Editor Sunny Mehra