ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

07/11/2022 9:36:12 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਘਰੇਲੂ ਖ਼ਪਤਕਾਰ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਦੇ ਦਾਅਵਿਆਂ ਤੋਂ ਬਾਅਦ ਹੁਣ ਸੂਬੇ ਵਿਚ ਸਿਹਤ ਸਹੂਲਤਾਂ ਵਿਚ ਸੁਧਾਰ ਲਈ ਮੁਹੱਲਾ ਕਲੀਨਿਕ ਦੀ ਅਗਲੀ ਗਾਰੰਟੀ ਪੂਰਾ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਹਾਲਾਂਕਿ ਇਸ ਯੋਜਨਾ ਬਨਾਮ ਗਾਰੰਟੀ ਦੇ ਤਹਿਤ ਡਾਕਟਰਾਂ ਤੇ ਸਟਾਫ਼ ਦੀ ਭਰਤੀ ਲਈ ਤੈਅ ਨਿਯਮਾਂ ਦੇ ਅਨੁਸਾਰ ਇਸ ਦੀ ਸਫ਼ਲਤਾ ਤੇ ਗੁਣਵੱਤਾ ’ਤੇ ਸ਼ੰਕਾ ਜਤਾਈ ਜਾ ਰਹੀ ਹੈ ਪਰ ਸਰਕਾਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਪੁੱਤ ਦੀ ਸੱਪ ਦੇ ਡੰਗਣ ਨਾਲ ਮੌਤ, ਫੁੱਲ ਚੁਗਦਿਆਂ ਪਿਓ ਨੇ ਵੀ ਤੋੜਿਆ ਦਮ

ਪ੍ਰਾਪਤ ਜਾਣਕਾਰੀ ਅਨੁਸਾਰ ਹਰ ਮੁਹੱਲਾ ਕਲੀਨਿਕ ਹੈਲਥ ਜਾਂ ਵੈਲਨੈੱਸ ਸੈਂਟਰ ਜਾਂ ਹੈਲਥ ਕਲੀਨਿਕ ਦੀ ਸੰਭਾਲ ਤੇ ਬਿਹਤਰ ਸੇਵਾਵਾਂ ਦੀ ਜ਼ਿੰਮੇਵਾਰੀ ਯੋਜਨਾ ਦੇ ਤਹਿਤ ਇੰਪੈਨਲਡ ਕੀਤੇ ਜਾਣ ਵਾਲੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਹੋਵੇਗੀ। ਐੱਸ. ਐੱਮ. ਓ. ਪੱਧਰ ਦਾ ਅਧਿਕਾਰੀ ਪੂਰੀ ਪ੍ਰਣਾਲੀ ਦੇ ਸੁਚਾਰੂ ਰੂਪ ਨਾਲ ਸੰਚਾਲਨ ਲਈ ਜ਼ਿੰਮੇਵਾਰ ਹੋਵੇਗਾ।ਯੋਜਨਾ ਦੇ ਤਹਿਤ ਡਾਕਟਰ ਗਰਮੀਆਂ ਵਿਚ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਤੇ ਸਰਦੀਆਂ ਵਿਚ ਸਵੇਰੇ 9 ਤੋਂ ਦੁਪਹਿਰ ਬਾਅਦ 3 ਵਜੇ ਤੱਕ ਸੇਵਾਵਾਂ ਪ੍ਰਦਾਨ ਕਰਨ ਲਈ ਉੱਤਰਦਾਈ ਹੋਣਗੇ। ਹਾਲਾਂਕਿ ਇਸ ਸਮਾਂ ਸੀਮਾ ਤੋਂ ਬਾਅਦ ਜਾਂ ਪਹਿਲਾਂ ਉਹ ਆਪਣੀ ਨਿੱਜੀ ਪ੍ਰੈਕਟਿਸ ਕਰਨ ਲਈ ਆਜ਼ਾਦ ਹੋਣਗੇ ਪਰ ਉਹ ਮਰੀਜ਼ ਨੂੰ ਕਿਸੇ ਵੀ ਅਜਿਹੇ ਹਸਪਤਾਲ ਵਿਚ ਰੈਫਰ ਨਹੀਂ ਕਰ ਸਕਣਗੇ, ਜਿਥੇ ਮਰੀਜ਼ ਨੂੰ ਆਪਣੀ ਜੇਬ ’ਚੋਂ ਇਲਾਜ ਦਾ ਖ਼ਰਚ ਭਰਨਾ ਪਵੇ। ਡਾਕਟਰ ਸਿਰਫ਼ ਸਰਕਾਰੀ ਹਸਪਤਾਲ ਜਾਂ ਪਾਲੀਕਲੀਨਿਕ ਵਿਚ ਇਲਾਜ ਲਈ ਰੈਫਰ ਕਰ ਸਕਦਾ ਹੈ।

ਇਹ ਵੀ ਪੜ੍ਹੋ: ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ

ਇਹ ਮਿਲੇਗੀ ਤਨਖ਼ਾਹ

ਯੋਜਨਾ ਦੇ ਤਹਿਤ ਇੰਪੈਨਲਡ ਕੀਤੇ ਜਾਣ ਵਾਲੇ ਡਾਕਟਰਾਂ ਸਮੇਤ ਕਿਸੇ ਵੀ ਪੈਰਾਮੈਡੀਕਲ ਸਟਾਫ਼ ਨੂੰ ਕੋਈ ਰੈਗੂਲਰ ਤਨਖ਼ਾਹ ਜਾਂ ਭੱਤਾ ਨਹੀਂ ਮਿਲੇਗਾ। ਉਕਤ ਕਲੀਨਿਕਾਂ ਵਿਚ ਇਲਾਜ ਲਈ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਇਨ੍ਹਾਂ ਦੀ ਤਨਖ਼ਾਹ ਅਗਲੇ ਮਹੀਨੇ ਦੀ 10 ਤਾਰੀਖ਼ ਨੂੰ ਅਦਾ ਕੀਤੀ ਜਾਵੇਗੀ। ਹਾਲਾਂਕਿ ਮਰੀਜ਼ਾਂ ਦੀ ਘੱਟ ਤੋਂ ਘੱਟ ਗਿਣਤੀ 50 ਦੇ ਆਧਾਰ ’ਤੇ ਤਨਖ਼ਾਹ ਦੇਣਯੋਗ ਹੋਵੇਗੀ, ਭਾਵ ਜੇਕਰ ਮਰੀਜ਼ 50 ਤੋਂ ਘੱਟ ਆਉਂਦੇ ਹਨ ਉਦੋਂ ਵੀ 50 ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਤਨਖ਼ਾਹ ਯਕੀਨੀ ਕੀਤੀ ਜਾਵੇਗੀ।

ਕਿਸ ਨੂੰ ਕੀ ਮਿਲੇਗਾ

ਯੋਜਨਾ ਦੇ ਤਹਿਤ ਇੰਪੈਨਲਡ ਕੀਤੇ ਜਾਣ ਵਾਲੇ ਮੈਡੀਕਲ ਅਫ਼ਸਰਾਂ ਨੂੰ 50 ਤੋਂ ਘੱਟ ਦੀ ਜਾਂਚ ਲਈ ਵੀ 50 ਮਰੀਜ਼ਾਂ ਦੇ ਆਧਾਰ ’ਤੇ 50 ਰੁਪਏ ਪ੍ਰਤੀ ਮਰੀਜ਼ ਮਿਹਨਤਾਨਾ ਪ੍ਰਦਾਨ ਕੀਤਾ ਜਾਵੇਗਾ। 50 ਮਰੀਜ਼ਾਂ ਤੋਂ ਵੱਧ ਦੀ ਜਾਂਚ ’ਤੇ ਵੀ ਇਸੇ ਦਰ ਨਾਲ ਅਦਾਇਗੀ ਹੋਵੇਗੀ। ਇਸੇ ਤਰ੍ਹਾਂ ਫਾਰਮਾਸਿਸਟ ਲਈ ਇਹ ਦਰ 12 ਰੁਪਏ ਪ੍ਰਤੀ ਮਰੀਜ਼ ਤੇ ਕਲੀਨਿਕ ਅਸਿਸਟੈਂਟ ਲਈ 11 ਰੁਪਏ ਪ੍ਰਤੀ ਮਰੀਜ਼ ਹੋਵੇਗੀ।

ਇਹ ਵੀ ਪੜ੍ਹੋ:  ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੱਲਕੇ ਬੇਅਦਬੀ ਮਾਮਲੇ ’ਚ ਡੇਰਾ ਪ੍ਰੇਮੀਆਂ ਨੂੰ ਸਜ਼ਾਵਾਂ ’ਤੇ ਦਿੱਤੀ ਪ੍ਰਤੀਕਿਰਿਆ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal