ਪੰਜਾਬ ਸਰਕਾਰ ਵਲੋਂ ਕਰਜ਼ ਮੁਆਫੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਦੱਸਿਆ ਡਰਾਮਾ

10/20/2017 2:10:44 PM

ਬਠਿੰਡਾ (ਮੁਨੀਸ਼) — ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦੀਵਾਲੀ ਮੌਕੇ 'ਤੇ ਤੋਹਫਾ ਦਿੰਦੇ ਹੋਏ ਕਰਜ਼ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਨਕਾਰ ਦਿੱਤਾ ਹੈ ਤੇ ਯੂਨੀਅਨ ਦੇ ਆਗੂ ਨੇ ਜਾਰੀ ਨੋਟੀਫਿਕੇਸ਼ਨ ਨੂੰ ਡਰਾਮਾ ਕਰਾਰ ਦਿੰਦੇ ਹੋਏ ਪੰਜਾਬ ਦੇ ਕਿਸਾਨਾਂ ਦਾ ਕਾਂਗਰਸ ਸਰਕਾਰ ਤੋਂ ਭਰੋਸਾ ਉਠਣ ਦੀ ਗੱਲ ਕਹੀ ਹੈ। ਸੂਬਾ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਛੋਟੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਆਉਂਦੇ, ਉਦੋਂ ਤਕ ਪੰਜਾਬ ਸਰਕਾਰ ਦੇ ਲਾਰੇ ਹੀ ਮੰਨੇ ਜਾਣਗੇ। 
ਦੂਜੇ ਪਾਸੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਆਮ ਆਦਮੀ ਪਾਰਟੀ ਨੇ ਕਰਜ਼ ਮੁਆਫੀ ਦੇ ਨੋਟੀਫਿਕੇਸ਼ਨ ਪਾਸ ਕਰਨ 'ਤੇ ਨਿਸ਼ਾਨੇ ਲਗਾਉਣ ਸ਼ੁਰੂ ਕਰ ਦਿੱਤੀ ਹਨ, ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਕਰਜ਼ ਮੁਆਫੀ ਦਾ ਨੋਟੀਫਿਕੇਸ਼ਨ ਪਾਸ ਕੀਤਾ ਹੈ, ਜਦ ਇਸ ਨੂੰ ਲਾਗੂ ਕਰਨਗੇ ਤਾਂ ਅਸੀਂ ਸੱਤਾਧਾਰੀ ਸਰਕਾਰ ਨੂੰ ਵਧਾਈ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਪੂਰਾ ਕਰਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜੋ ਅਜੇ ਤਕ ਜੁਮਲੇਬਾਜ਼ੀ ਸਾਬਿਤ ਹੋ ਰਿਹਾ ਹੈ।