9 ਮਹੀਨੇ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਐਲਾਨਿਆ 50 ਲੱਖ ਦਾ ਇਨਾਮ

07/29/2019 4:10:32 AM

ਸੰਦੌੜ (ਰਿਖੀ)- ਪੈਰਾ-ਏਸ਼ੀਅਨ ਖੇਡਾਂ 2018 ਵਿਚ ਚਾਂਦੀ ਤਮਗਾ ਜਿੱਤ ਕੇ ਸ਼ਾਟਪੁੱਟਰ ਮੁਹੰਮਦ ਯਾਸਿਰ ਉਰਫ ਜੱਸੀ ਨੇ ਜਕਾਰਤਾ ਵਿਚ ਦੇਸ਼ ਦਾ ਨਾਂ ਚਮਕਾਇਆ ਸੀ। ਜੱਸੀ ਨਾਲ ਕੁਦਰਤ ਨੇ ਪੰਜ ਸਾਲ ਦੀ ਉਮਰ ਵਿਚ ਹੀ ਖੱਬੀ ਬਾਂਹ ਕੱਟ ਕੇ ਬੇਇਨਸਾਫੀ ਕਰ ਦਿੱਤੀ ਸੀ ਪਰ ਇਸ ਯੋਧੇ ਨੇ ਹਾਰ ਨਹੀਂ ਮੰਨੀ ਤੇ 70 ਪ੍ਰਤੀਸ਼ਤ ਅੰਗਹੀਣ ਹੋਣ ਦੇ ਬਾਵਜੂਦ ਉਹ ਕਰ ਕੇ ਦਿਖਾਇਆ, ਜੋ ਮੁੱਢ ਤੋਂ ਹੀ ਸਾਰੇ ਸਾਬਤ-ਸੂਰਤ ਨੌਜਵਾਨ ਵੀ ਨਹੀਂ ਕਰ ਪਾਉਂਦੇ। ਜਿਸ ਵੇਲੇ ਉਸ ਨੇ ਚਾਂਦੀ ਤਮਗਾ ਜਿੱਤ ਕੇ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਸੀ, ਉਸ ਸਮੇਂ ਕੈਪਟਨ ਸਰਕਾਰ ਨੇ ਉਸ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਤਕਰੀਬਨ 9 ਮਹੀਨੇ ਬੀਤ ਜਾਣ ਦੇ ਬਾਵਜੂਦ ਜੱਸੀ ਨੂੰ ਉਕਤ ਰਾਸ਼ੀ ਹਾਸਲ ਨਹੀਂ ਹੋਈ, ਜਿਸ ਕਾਰਣ ਉਹ ਬਹੁਤ ਹੀ ਨਿਰਾਸ਼ ਹੈ। 
'ਜਗ ਬਾਣੀ' ਨਾਲ ਹੋਈ ਵਿਸ਼ੇਸ਼ ਗੱਲਬਾਤ ਵਿਚ ਜੱਸੀ ਨੇ ਦੱਸਿਆ ਕਿ ਉਸਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਪੰਜਾਬ ਦੇ ਖੇਡ ਮੰਤਰੀ ਨੇ ਆਪਣੇ ਦਫਤਰ ਬੁਲਾ ਕੇ ਹੱਲਾਸ਼ੇਰੀ ਦਿੱਤੀ ਸੀ ਤੇ ਜਲਦ ਹੀ 50 ਲੱਖ ਰੁਪਏ ਦਾ ਬਣਦਾ ਨਕਦ ਇਨਾਮ ਦੇਣ ਦਾ ਭਰੋਸਾ ਦਿੱਤਾ ਸੀ, ਜਿਸ ਨੂੰ ਅਜੇ ਤਕ ਬੂਰ ਨਹੀਂ ਪਿਆ। ਉਸ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਹਾਲਾਂਕਿ ਉਸ ਸਮੇਂ 10 ਲੱਖ ਰੁਪਏ ਦਾ ਇਨਾਮ ਤੁਰੰਤ ਜਾਰੀ ਕਰ ਦਿੱਤਾ ਸੀ।


ਹਰਿਆਣਾ ਦੇ ਚੁੱਕੈ ਆਪਣੇ ਖਿਡਾਰੀ ਨੂੰ 1 ਕਰੋੜ ਅਤੇ ਨੌਕਰੀ 
ਪੰਜਾਬ ਸਰਕਾਰ ਨੇ ਭਾਵੇਂ ਇਸ ਪੈਰਾ-ਖਿਡਾਰੀ ਵੱਲ ਸਵੱਲੀ ਨਜ਼ਰ ਨਹੀਂ ਮਾਰੀ ਅਤੇ ਨੌਕਰੀ ਤਾਂ ਕੀ, ਕਿਸੇ ਨੇ ਹੱਲਾਸ਼ੇਰੀ ਵੀ ਨਹੀਂ ਦਿੱਤੀ, ਜਦਕਿ ਇਸ ਦੇ ਬਰਾਬਰ ਤਮਗਾ ਜਿੱਤਣ ਵਾਲੇ ਗੁਆਂਢੀ ਸੂਬੇ ਹਰਿਆਣਾ ਦੇ ਖਿਡਾਰੀ ਸੁਧੀਰ ਨੂੰ ਉਥੋਂ ਦੀ ਸਰਕਾਰ ਨੇ ਹਫ਼ਤੇ ਦੇ ਅੰਦਰ ਹੀ 1 ਕਰੋੜ ਦੀ ਰਾਸ਼ੀ ਅਤੇ ਕੋਚ ਦੀ ਨੌਕਰੀ ਦੇ ਦਿੱਤੀ ਸੀ ਪਰ ਪੰਜਾਬ ਵਲੋਂ ਕੀਤੀ ਜਾ ਰਹੀ ਬੇਧਿਆਨੀ ਕਾਰਣ ਉਸ ਦੇ ਮਨੋਬਲ ਨੂੰ ਵੱਡੀ ਢਾਅ ਲੱਗ ਰਹੀ ਹੈ।
ਪੱਲਿਓਂ ਕਰਨਾ ਪੈ ਰਿਹੈ ਖੇਡ 'ਤੇ ਖਰਚਾ, ਸਿਰ 'ਤੇ ਹੈ 5 ਲੱਖ ਦਾ ਕਰਜ਼ਾ
ਮੁਹੰਮਦ ਯਾਸਿਰ ਉਰਫ ਜੱਸੀ ਨੇ ਦੱਸਿਆ ਕਿ ਉਸ ਦੇ ਪਿਤਾ ਸੁਦਾਗਰ ਖਾਂ, ਜੋ ਇਕ ਛੋਟੇ ਕਿਸਾਨ ਹਨ ਅਤੇ ਸਿਰਫ ਤਿੰਨ ਏਕੜ ਜ਼ਮੀਨ 'ਤੇ ਖੇਤੀਬਾੜੀ ਕਰ ਰਹੇ ਹਨ ਤੇ ਇਸ ਵਿਚੋਂ ਪੜ੍ਹਾਈ ਕਰ ਰਹੀਆਂ ਦੋ ਭੈਣਾਂ ਸਮੇਤ ਪਰਿਵਾਰ ਦਾ ਸਾਰਾ ਖਰਚਾ ਚਲਾਉਂਦੇ ਹਨ, ਅਜਿਹੀ ਹਾਲਤ 'ਚ ਉਸ ਦੀ ਖੇਡ 'ਤੇ ਸਾਰਾ ਖਰਚਾ ਉਨ੍ਹਾਂ ਨੂੰ ਪੱਲਿਓਂ ਕਰਨਾ ਪੈ ਰਿਹਾ ਹੈ। ਇਸ ਕਰਕੇ ਹੀ ਉਨ੍ਹਾਂ ਸਿਰ ਕਰੀਬ ਪੰਜ ਲੱਖ ਦਾ ਕਰਜ਼ਾ ਚੜ੍ਹ ਚੁੱਕਾ ਹੈ ਪਰ ਫਿਰ ਵੀ ਇਕ ਮਜਬੂਰ ਬਾਪ ਨੇ 2020 ਦੀਆਂ ਪੈਰਾ-ਓਲੰਪਿਕ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਸੁਪਨਾ ਵੇਖਿਆ ਹੈ, ਜਿਸ ਨੂੰ ਸੱਚ ਕਰਨ ਲਈ ਆਪਣੇ ਕੋਚ ਹਰਮਿੰਦਰ ਸਿੰਘ ਘੁੰਮਣ ਦੀ ਅਗਵਾਈ ਹੇਠ ਸਖ਼ਤ ਮਿਹਨਤ ਕਰ ਰਿਹਾ ਹੈ। ਜੱਸੀ ਨੇ ਦੱਸਿਆ ਕਿ ਉਹ ਰੋਜ਼ਾਨਾ 7-8 ਘੰਟਿਆਂ ਤੱਕ ਅਭਿਆਸ ਕਰਦਾ ਹੈ । ਜੇਕਰ ਸਰਕਾਰ ਨੌਕਰੀ ਦੇ ਕੇ ਰੋਟੀ ਦਾ ਹੀਲਾ ਹੀ ਕਰ ਦਿੰਦੀ ਤਾਂ ਉਹ ਆਪਣਾ ਪੂਰਾ ਧਿਆਨ ਗਰਾਊਂਡ ਵਿਚ ਅਭਿਆਸ 'ਤੇ ਲਾ ਸਕਦਾ ਸੀ।


ਪ੍ਰਾਪਤੀਆਂ 'ਤੇ ਇਕ ਝਾਤ
ਮੁਹੰਮਦ ਯਾਸਿਰ ਨੇ ਸਾਲ 2016 'ਚ ਪੈਰਾ-ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਸ਼ਾਟਪੁੱਟ ਐੱਫ 46 ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨ ਤਮਗਾ ਜਿੱਤਿਆ । ਸਾਲ 2017 ਵਿਚ ਸੱਤਵੀਂ ਪੈਰਾ-ਨੈਸ਼ਨਲ ਚੈਂਪੀਅਨਸ਼ਿਪ ਵਿਚ ਸ਼ਾਟਪੁੱਟ 'ਚੋਂ ਸੋਨ ਤਮਗਾ ਜਿੱਤਿਆ । ਸਾਲ 2017 ਵਿਚ ਚੀਨ ਦੇ ਬੀਜਿੰਗ ਸ਼ਹਿਰ ਵਿਖੇ ਵਰਲਡ ਪੈਰਾ-ਐਥਲੈਟਿਕਸ ਗ੍ਰਾਂ. ਪ੍ਰੀ. ਕਾਂਸੀ ਤਮਗਾ ਹਾਸਲ ਕੀਤਾ । 2017 ਵਿਚ ਹੀ ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਹੋਈ ਪੈਰਾ-ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਪੂਰੇ ਸੰਸਾਰ ਦੇ ਖਿਡਾਰੀਆਂ ਵਿਚ ਖੇਡ ਕੇ ਸੱਤਵਾਂ ਸਥਾਨ ਹਾਸਲ ਕੀਤਾ। ਸਾਲ 2018 'ਚ ਜਕਾਰਤਾ ਵਿਚ ਹੋਈਆਂ ਪੈਰਾ-ਏਸ਼ੀਅਨ ਖੇਡਾਂ 'ਚੋਂ ਸ਼ਾਟਪੁੱਟ ਵਿਚ ਕਾਂਸੀ ਤਮਗਾ ਜਿੱਤਿਆ। ਪੈਰਾ-ਸਟੇਟ ਪੰਜਾਬ ਖੇਡਾਂ ਦੀ ਜੈਵਲਿਨ ਥ੍ਰੋ, ਸ਼ਾਟਪੁੱਟ ਅਤੇ ਡਿਸਕਸ ਥ੍ਰੋ 'ਚ ਹਿੱਸਾ ਲਿਆ ਤਾਂ ਉਸ ਨੇ ਇਕ ਸੋਨ ਤੇ ਇਕ ਚਾਂਦੀ ਤਮਗਾ ਆਪਣੇ ਨਾਂ ਕੀਤਾ। ਦਿੱਲੀ ਯੂਨੀਵਰਸਿਟੀ ਖੇਡਾਂ ਵਿਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ਵਿਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ। ਦੁਬਈ ਵਿਖੇ ਹੋਏ ਫਰਵਰੀ 2018-ਫਾਜਾ ਕੱਪ ਵਿਚ ਡਿਸਕਸ ਥ੍ਰੋ ਅਤੇ ਸ਼ਾਟਪੁੱਟ ਦੋਵਾਂ ਵਿਚ ਚਾਂਦੀ ਤਮਗੇ ਜਿੱਤੇ। ਅਫਰੀਕਾ ਵਿਖੇ 2018 ਵਿਚ ਹੋਈ ਪੈਰਾ-ਵਰਲਡ ਗ੍ਰਾਂ. ਪ੍ਰੀ. ਦੀ ਸ਼ਾਟਪੁੱਟ ਪ੍ਰਤੀਯੋਗਿਤਾ 'ਚ ਸੋਨ ਤਮਗਾ ਜਿੱਤਿਆ  ਅਤੇ ਉਸ ਤੋਂ ਬਾਅਦ ਲੰਡਨ ਪੈਰਾ-ਐਥਲੈਟਿਕਸ, ਪੈਰਾ-ਵਰਲਡ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। 2018 ਜਕਾਰਤਾ ਪੈਰਾ-ਏਸ਼ੀਅਨ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ।

Gurdeep Singh

This news is Content Editor Gurdeep Singh