ਪੰਜਾਬ ਸਰਕਾਰ ਵਲੋਂ 6 ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ

08/16/2017 11:49:26 AM

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀਆਂ 6 ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੁਆਰਾ ਮੈਂਬਰ (ਸਰਕਾਰੀ) ਦੀਆਂ 5 ਅਤੇ ਮੈਂਬਰ (ਗੈਰ-ਸਰਕਾਰੀ) ਦੀ 1 ਅਸਾਮੀ ਭਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਤੇ ਪ੍ਰਸਿੱਧ ਵਿਅਕਤੀਆਂ, ਜਿਨ੍ਹਾਂ ਕੋਲ ਪ੍ਰਸ਼ਾਸਨਿਕ ਤਜ਼ਰਬੇ ਦੇ ਨਾਲ-ਨਾਲ ਉੱਚ ਸਮਰੱਥਾ ਹੋਵੇ, ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਖੋਜ ਕਮੇਟੀ ਗਠਿਤ ਕੀਤੀ ਹੈ, ਜੋ ਪੈਨਲ ਦੇ ਨਾਵਾਂ (ਅਸਾਮੀਆਂ ਤੋਂ ਤਿੰਨ ਗੁਣਾ) ਦੀ ਉੱਚ ਪੱੱਧਰੀ ਕਮੇਟੀ ਨੂੰ ਸਿਫਾਰਿਸ਼ ਕਰੇਗੀ। ਉੱਚ ਪੱਧਰੀ ਕਮੇਟੀ ਵਿਚ ਮੁੱਖ ਮੰਤਰੀ ਪੰਜਾਬ, ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਰੋਧੀ ਧਿਰ ਦਾ ਆਗੂ ਸ਼ਾਮਲ ਹੋਣਗੇ। ਇਹ ਕਮੇਟੀ ਅੱਗੇ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਲਈ ਨਾਵਾਂ ਦੀ ਸਿਫਾਰਿਸ਼ ਕਰੇਗੀ।