ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ ਨੂੰ ਅਲਾਟ ਹੋਣਗੇ ਜ਼ਿਲੇ

10/02/2018 10:13:17 AM

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ 'ਚ ਝੋਨਾ ਨਾੜ ਨੂੰ ਸਾੜਣ ਦੀਆਂ ਗਤਿਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ ਵਚਨਬੱਧ ਹੈ। ਇਸ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸੂਬੇ ਦੇ ਸੀਨੀਅਰ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਜ਼ਰਸਾਨੀ ਕਰਨ ਲਈ ਜ਼ਿਲੇ ਅਲਾਟ ਕੀਤੇ ਜਾਣਗੇ ਤਾਂ ਜੋ ਉਹ ਝੋਨੇ ਦੀ ਰਹਿੰਦ-ਖੂਹੰਦ ਨੂੰ ਸਾੜੇ ਜਾਣ 'ਤੇ ਲਾਈ ਗਈ ਰੋਕ ਨੂੰ ਅਮਲੀ ਰੂਪ 'ਚ ਯਕੀਨੀ ਬਣਾ ਸਕਣ।

ਪੰਜਾਬ ਦੇ ਮੁੱਖ ਸਕੱਤਰ ਨੇ ਸਾਰੇ ਅਧਿਕਾਰੀਆਂ ਨੂੰ ਸੂਬੇ 'ਚ ਝੋਨਾ-ਨਾੜ ਨੂੰ ਸਾੜੇ ਜਾਣ ਤੋਂ ਰੋਕਣ ਲਈ ਹਰ ਸੰਭਵ ਉਪਰਾਲਾ ਕਰਨ ਲਈ ਕਿਹਾ। ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਸੂਬੇ 'ਚ ਸੈਟੇਲਾਈਟ ਰਾਹੀ ਰਹਿੰਦ-ਖੂਹੰਦ ਨੂੰ ਫੂਕਣ ਦੀਆਂ ਘਟਨਾਵਾਂ ਨੂੰ ਰਿਕਾਰਡ ਕਰਨ ਅਤੇ ਇਨ੍ਹਾਂ ਮਾਮਲਿਆਂ ਸਬੰਧੀ ਸਬੰਧਿਤ ਪ੍ਰਸ਼ਾਸਨਿਕ ਸਕੱਤਰਾਂ, ਡੀ. ਸੀ ਅਤੇ ਸਬੰਧਤ ਅਧਿਕਾਰੀਆਂ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਇਸ ਉਪਰਾਲੇ ਨੂੰ ਹੋਰ ਕਾਰਾਗਰ ਬਣਾਉਣ ਲਈ ਰਹਿੰਦ-ਖੂਹੰਦ ਨੂੰ ਸਾੜਣ ਨਾਲ ਸਬੰਧਿਤ ਮਾਮਲਿਆਂ 'ਚ ਲੋਕਾਂ ਨੂੰ 24 ਘੰਟੇ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। 

ਇਸ ਦੌਰਾਨ ਨਾੜ ਨੂੰ ਫੂਕਣ ਦੇ ਮਾਰੂ ਪ੍ਰਭਾਵਾਂ ਤੋਂ ਕਿਸਾਨਾਂ ਨੂੰ ਜਾਗਰੂਕ ਕਰਾਉਣ ਲਈ ਸੂਬੇ ਦੇ ਸਾਰੇ ਯੂਥ ਕਲੱਬਾਂ ਨੂੰ ਹਰਕਤ 'ਚ ਲਿਆਂਦਾ ਜਾਵੇਗਾ ਅਤੇ ਸਕੂਲਾਂ 'ਚ ਵੀ ਪੈਂਫਲੈਟ ਵੰਡ ਕੇ ਬੱਚਿਆਂ ਨੂੰ ਇਸ ਤੋਂ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਜਾਣੂੰ ਕਰਾਇਆ ਜਾਵੇਗਾ ਅਤੇ ਅੱਗੇ ਇਸ ਮਾਮਲੇ ਸਬੰਧੀ ਉਨ੍ਹਾਂ ਦੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ, ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਨਾੜ ਨਹੀਂ ਸਾੜੀ। ਉਨ੍ਹਾਂ ਨੂੰ ਹੋਰਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਨਾੜ ਨਾ ਸਾੜੇ ਜਾਣ ਸਬੰਧੀ ਪ੍ਰੇਰਿਤ ਕੀਤੇ ਜਾਣ ਲਈ ਕਿਹਾ ਜਾਵੇਗਾ।