ਰੇਤ ਮਾਫੀਆ ਰਾਤ ਨੂੰ ਕਰਦਾ ਹੈ ਸਤਲੁਜ ਦਰਿਆ ’ਚੋਂ ਰੇਤ ਚੋਰੀ

07/25/2018 4:10:16 AM

ਲਾਡੋਵਾਲ(ਰਵੀ)-ਪੰਜਾਬ ਸਰਕਾਰ ਵਲੋਂ ਸਖ਼ਤੀ ਅਤੇ ਪਾਬੰਦੀ ਦੇ ਬਾਵਜੂਦ ਰੇਤ ਮਾਫੀਆ ਰਾਤ ਨੂੰ ਆਪਣੇ ਕੰਮ ਨੂੰ ਬਾਖੁੂਬੀ ਅੰਜਾਮ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੋਵਾਲ ਵਿਖੇ ਸ਼ਨੀਗਾਓਂ ਦੇ ਨੇੜੇ ਦਰਿਆ ਸਤਲੁਜ ਵਿਚੋਂ ਰੋਜ਼ਾਨਾ ਰਾਤ ਨੂੰ ਟਰੈਕਟਰ-ਟਰਾਲੀਆਂ ਰਾਹੀਂ ਰੇਤ ਦੀ ਚੋਰੀ ਕੀਤੀ ਜਾ ਰਹੀ ਹੈ। ਰੇਤ ਮਾਫੀਆ ਵਲੋਂ ਰਾਤ ਨੂੰ ਟਰਾਲੀਆਂ ਜੇ. ਸੀ. ਬੀ. ਮਸ਼ੀਨ ਦੀ ਬਜਾਏ ਲੇਬਰ ਲਗਾ ਕੇ  ਭਰੀਆਂ ਜਾਂਦੀਆਂ ਹਨ ਕਿਉਂਕਿ ਜੇਕਰ ਜੇ. ਸੀ. ਬੀ. ਨਾਲ ਟਰਾਲੀਆਂ ਭਰੀਆਂ ਜਾਣ ਤਾਂ ਇਸ ਦਾ ਜ਼ਿਆਦਾ ਖਲਾਰਾ ਪੈ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੇਤ ਮਾਫੀਆ ਵਲੋਂ ਦਰਿਆ ਦੇ ਪਾਣੀ ਵਿਚੋਂ ਰੇਤ ਕੱਢ ਕੇ ਟਰਾਲੀਆਂ ਭਰੀਆਂ ਜਾਂਦੀਆਂ ਹਨ ਅਤੇ ਇਹ ਕੰਮ ਪਲਾਨ ਬਣਾ ਕੇ ਕੀਤਾ ਜਾ ਰਿਹਾ ਹੈ। ਇਹ ਕੰਮ ਮਾਫੀਆ ਵਲੋਂ ਰਾਤ ਨੂੰ 10-11 ਵਜੇ ਸ਼ੁਰੂ ਕਰ ਕੇ 3-4 ਵਜੇ ਤਕ ਹੀ ਚਲਾਇਆ ਜਾਂਦਾ ਹੈ ਤਾਂ ਜੋ ਇਸ ਦੀ ਸਬੰਧਤ ਮਹਿਕਮੇ ਨੂੰ ਭਿਣਕ ਨਾ ਪੈ ਸਕੇ। ਦੇਖਣ ’ਤੇ ਪਤਾ ਲਗਦਾ ਹੈ ਕਿ ਰੇਤ ਮਾਫੀਆ ਰੋਜ਼ਾਨਾ ਲੱਖਾਂ ਦੀ ਰੇਤ ਚੁੱਕ ਰਿਹਾ ਹੈ ਅਤੇ ਸਰਕਾਰ ਨੂੰ ਵੀ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਸਤਲੁਜ ਦੇ ਬੰਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।