ਨਾੜ ਨੂੰ ਅੱਗ ਲਾਉਣ ਨਾਲ ਸੜ ਰਹੇ ਨੇ ਸੜਕਾਂ ਕਿਨਾਰੇ ਲੱਗੇ ਰੁੱਖ

05/06/2018 12:28:10 AM

ਜਲਾਲਾਬਾਦ(ਬਜਾਜ)—ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੇ ਨਾੜ ਨੂੰ ਸਾੜਨ 'ਤੇ ਮੁਕੰਮਲ ਪਾਬੰਦੀ ਲਾਈ ਗਈ ਹੈ ਪਰ ਫਿਰ ਵੀ ਇਲਾਕੇ ਦੇ ਕਿਸਾਨ ਸ਼ਰੇਆਮ ਹੁਕਮਾਂ ਦੀਆਂ ਧੱਜੀਆਂ ਉਡਾÀੁਂਦੇ ਹੋਏ ਅੱਗ ਲਗਾ ਰਹੇ ਹਨ, ਜਿਸ ਨਾਲ ਹਾਲਾਤ ਇਹ ਬਣੇ ਹੋਏ ਹਨ ਕਿ ਜਿਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਮੁੱਖ ਸੜਕਾਂ 'ਦੇ ਕਿਨਾਰੇ ਜੰਗਲਾਤ ਵਿਭਾਗ ਵੱਲੋਂ ਲਾਏ ਰੁੱਖ ਇਸ ਅੱਗ ਦੀ ਲਪੇਟ ਵਿਚ ਆ ਕੇ ਸੜ ਰਹੇ ਹਨ, ਜਿਸ ਨਾਲ ਸਰਕਾਰੀ ਰੁੱਖਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਪਰ ਇਸ ਪ੍ਰਤੀ ਪ੍ਰਸ਼ਾਸਨ ਬੇਖਬਰ ਜਾਪ ਰਿਹਾ ਹੈ।  ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸ੍ਰੀ ਮੁਕਤਸਰ ਰੋਡ 'ਤੇ ਅਤੇ ਐੱਫ-ਐੱਫ ਮੁੱਖ ਮਾਰਗ 'ਤੇ ਸਰਕਾਰੀ ਰੁੱਖ ਕੁਝ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕਰ ਕੇ ਲਾਏ ਗਏ ਸਨ। ਹੁਣ ਇਹ ਰੁੱਖ ਸੜਕਾਂ ਦੇ ਆਲੇ-ਦੁਆਲੇ ਕਿਸਾਨਾਂ ਵੱਲੋਂ ਖੇਤ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਇਸ ਅੱਗ ਦੀ ਲਪੇਟ 'ਚ ਆ ਕੇ ਸੜ ਕੇ ਸਵਾਹ ਹੋ ਚੁੱਕੇ ਹਨ ਅਤੇ ਸਰਕਾਰੀ ਪ੍ਰਾਪਰਟੀ ਦਾ ਭਾਰੀ ਨੁਕਸਾਨ ਹੋਣ ਦੇ ਬਾਵਜੂਦ ਸਬੰਧਤ ਮਹਿਕਮਾ ਕੋਈ ਕਦਮ ਨਹੀਂ ਚੁੱਕ ਰਿਹਾ ਹੈ। ਇਸ ਸਬੰਧ ਵਿਚ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭਾਵੇਂ ਕਿ ਨਾੜ ਨੂੰ ਅੱਗ ਲਾਉਣ 'ਤੇ ਮਨਾਹੀ ਕੀਤੀ ਹੋਈ ਹੈ ਪਰ ਫਿਰ ਵੀ ਕਿਸਾਨ ਆਪਣੇ-ਆਪਣੇ ਖੇਤ ਵਿਚ ਨਾੜ ਨੂੰ ਸ਼ਰੇਆਮ ਅੱਗ ਲਗਾ ਰਹੇ ਹਨ, ਜਿਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਸੜਕਾਂ ਕਿਨਾਰੇ ਲੱਗੇ ਛੋਟੇ ਅਤੇ ਵੱਡੇ ਬੂਟੇ ਤੇ ਦਰੱਖਤ ਅੱਗ ਦੀ ਲਪੇਟ ਵਿਚ ਆਉਣ ਨਾਲ ਸੜ ਰਹੇ ਹਨ ਤੇ ਸਰਕਾਰੀ ਪ੍ਰਾਪਰਟੀ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਨਾੜ ਨੂੰ ਅੱਗ ਲਾਉਣ ਦੀ ਬਜਾਏ, ਉਸ ਨੂੰ ਜ਼ਮੀਨ ਵਿਚ ਹੀ ਦਬਾਇਆ ਜਾਵੇ, ਜਿਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਮਿਲੇਗਾ, ਉਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਸਕੇਗਾ। ਇਸ ਦੇ ਨਾਲ ਹੀ ਸੜਕਾਂ ਕਿਨਾਰੇ ਲੱਗੇ ਰੁੱਖ ਜੋ ਇਸ ਅੱਗ ਦੀ ਲਪੇਟ ਵਿਚ ਆਉਣ ਨਾਲ ਹਰ ਸਾਲ ਸੜ ਰਹੇ ਹਨ, ਨੂੰ ਬਚਾਉਣ ਲਈ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਖਤ ਕਾਰਵਾਈ ਕਰਨ ਤਾਂ ਜੋ ਭਵਿੱਖ ਵਿਚ ਅੱਗ ਨਾਲ ਸੜਕਾਂ ਕਿਨਾਰੇ ਖੜ੍ਹੇ ਸਰਕਾਰੀ ਰੁੱਖ ਸੜਨ ਤੋਂ ਬਚ ਸਕਣ ਅਤੇ ਸਰਕਾਰ ਦੇ ਹੋ ਰਹੇ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਸਬੰਧੀ ਪਿੰਡ-ਪਿੰਡ ਵਿਚ ਜਾ ਕੇ ਜਾਗਰੂਕਤਾ ਪੈਦਾ ਕਰਨ ਵਾਲੇ ਸੈਮੀਨਾਰ ਕਰਵਾਏ ਜਾਣ ਤਾਂ ਜੋ ਕਿਸਾਨ ਨਾੜ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ। ਹੁਣ ਇਹ ਦੇਖਣਾ ਹੈ ਕਿ ਇਸ ਖਬਰ ਦੇ ਪ੍ਰਕਾਸ਼ਿਤ ਹੋਣ ਉਪਰੰਤ ਜ਼ਿਲਾ ਪ੍ਰਸ਼ਾਸਨ ਸੜਕਾਂ ਦੇ ਕਿਨਾਰੇ ਲੱਗੇ ਰੁੱਖਾਂ ਦੇ ਅੱਗ ਦੀ ਲਪੇਟ ਵਿਚ ਸੜਨ 'ਤੇ ਕੋਈ ਕਠੋਰ ਕਦਮ ਉਠਾਏਗਾ ਜਾਂ ਫਿਰ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੇਝਿਜਕ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਉਣ ਨਾਲ ਰੁੱਖ ਸਾੜਦੇ ਰਹਿਣਗੇ।