ਨਾਪ ਤੋਲ ਵਿਭਾਗ ਦੀਆਂ ਟੀਮਾਂ ਵੱਲੋਂ ਅਨਾਜ ਮੰਡੀਆਂ ''ਚ ਛਾਪੇਮਾਰੀ

04/26/2018 7:12:15 AM

ਸੰਗਰੂਰ(ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ)—ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਆਦੇਸ਼ਾਂ 'ਤੇ ਨਾਪ ਤੋਲ ਵਿਭਾਗ ਦੀ ਟੀਮ ਨੇ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਆੜ੍ਹਤੀਆਂ ਵੱਲੋਂ ਬਾਰਦਾਨੇ ਸਣੇ ਤੋਲੀ ਜਾ ਰਹੀ ਕਣਕ ਦੇ ਭਾਰ ਦਾ ਜਾਇਜ਼ਾ ਲਿਆ ਅਤੇ ਵਿਸਥਾਰ 'ਚ ਪੜਤਾਲ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਡੀਆ ਦੇ ਇਕ ਹਿੱਸੇ 'ਚ ਕੁਝ ਆੜ੍ਹਤੀਆਂ ਵੱਲੋਂ ਵੱਧ ਕਣਕ ਤੋਲੇ ਜਾਣ ਸਬੰਧੀ ਪ੍ਰਕਾਸ਼ਿਤ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ 'ਚ ਹੀ ਨਾਪ ਤੋਲ ਵਿਭਾਗ ਦੀਆਂ ਟੀਮਾਂ ਨੂੰ ਛਾਪੇ ਮਾਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਤਹਿਤ ਆਉਂਦੇ ਦਿਨਾਂ ਵਿਚ ਵੀ ਜ਼ਿਲੇ ਦੀਆਂ ਮੰਡੀਆਂ 'ਚ ਜਾਂਚ-ਪੜਤਾਲ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਵੱਖ-ਵੱਖ ਮੰਡੀਆਂ ਦਾ ਨਿਰੀਖਣ ਕਰਨ ਵਾਲੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕੰਡੇ, ਵੱਟੇ ਜਾਂ ਬਾਰਦਾਨੇ ਦਾ ਭਾਰ ਘੱਟ-ਵੱਧ ਹੋਣ 'ਤੇ ਸਹੀ ਤੱਥਾਂ ਨੂੰ ਸਾਹਮਣੇ ਰੱਖ ਕੇ ਰਿਪੋਰਟ ਬਣਾਈ ਜਾਵੇ ਤਾਂ ਜੋ ਕਿਸਾਨਾਂ ਨਾਲ ਕਿਸੇ ਕਿਸਮ ਦੀ ਹੇਰਾਫੇਰੀ ਨਾ ਹੋ ਸਕੇ। ਸ਼੍ਰੀ ਥੋਰੀ ਦੇ ਆਦੇਸ਼ਾਂ ਤਹਿਤ ਜ਼ਿਲਾ ਸੰਗਰੂਰ ਦੀਆਂ ਮੰਡੀਆਂ 'ਚ ਖਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਨਾਪ ਤੋਲ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲਾ ਮੰਡੀ ਅਫ਼ਸਰ ਦਰਸ਼ਨ ਕੁਮਾਰ ਸਣੇ ਸੰਗਰੂਰ, ਸੁਨਾਮ ਅਤੇ ਚੀਮਾ ਦੀਆਂ ਅਨਾਜ ਮੰਡੀਆਂ 'ਚ ਕੰਡੇ, ਵੱਟੇ ਅਤੇ ਬਾਰਦਾਨੇ ਦੇ ਵਜ਼ਨ ਦਾ ਨਿਰੀਖਣ ਕੀਤਾ। ਨਿਰੀਖਣ ਕਰਨ ਵਾਲੀ ਟੀਮ ਵਿਚ ਸ਼ਾਮਲ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਰਾਜਨ ਕੁਮਾਰ, ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਟੈਕਨੀਕਲ ਰਿਪੇਅਰਜ਼ ਕਰਮਚਾਰੀ ਯਾਦਵਿੰਦਰ ਸਿੰਘ, ਸੈਕਟਰੀ ਮਾਰਕੀਟ ਕਮੇਟੀ ਸੰਗਰੂਰ ਜਸਪਾਲ ਸਿੰਘ ਅਤੇ ਸੈਕਟਰੀ ਮਾਰਕੀਟ ਕਮੇਟੀ ਸੁਨਾਮ ਅਜੀਤ ਕੁਮਾਰ ਸੂਦ ਸਣੇ ਹੋਰ ਅਧਿਕਾਰੀ ਵੀ ਹਾਜ਼ਰ ਸਨ।