ਕੈਬਨਿਟ ਮੰਤਰੀ ਬਣਨ ਲਈ ਕੈਪਟਨ ਦੇ ਦਰਬਾਰ ''ਚ ਗੋਟੀਆਂ ਫਿੱਟ ਕਰਨ ਲੱਗੇ ਕਾਂਗਰਸੀ ਵਿਧਾਇਕ

04/17/2018 11:30:32 AM

ਜਲੰਧਰ (ਚੋਪੜਾ)— ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸੱਤਾ 'ਤੇ ਕਾਬਜ਼ ਹੋਏ ਸਵਾ ਸਾਲ ਬੀਤ ਗਿਆ ਹੈ ਪਰ ਲਟਕਦੇ ਆ ਰਹੇ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹੇ, ਉਥੇ ਹੀ ਹੁਣ ਕਾਂਗਰਸੀ ਵਿਧਾਇਕਾਂ 'ਚ ਇਸ ਨੂੰ ਲੈ ਕੇ ਵੀ ਰੋਸ ਵੱਧਦਾ ਜਾ ਰਿਹਾ ਹੈ। ਸ਼ਾਇਦ ਮੌਜੂਦਾ ਹਾਲਾਤ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ 19 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਕਿਸੇ ਵੀ ਦਿਨ ਮੰਤਰੀ ਮੰਡਲ 'ਚ ਵਾਧਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੰਤਰੀ ਮੰਡਲ ਵਾਧੇ 'ਚ ਸਿਰਫ 9 ਵਿਧਾਇਕਾਂ ਨੂੰ ਹੀ ਸਥਾਨ ਮਿਲਣਾ ਹੈ। 
ਮੰਤਰੀ ਮੰਡਲ 'ਚ ਵਾਧੇ ਦੀ ਸੰਭਾਵਨਾ ਨੂੰ ਦੇਖਦਿਆਂ ਜਲੰਧਰ ਦੇ ਪੰਜੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਜੂਨੀਅਰ ਅਵਤਾਰ ਹੈਨਰੀ, ਪਰਗਟ ਸਿੰਘ ਅਤੇ ਚੌਧਰੀ ਸੁਰਿੰਦਰ ਸਿੰਘ ਇਕ ਵਾਰ ਫਿਰ ਤੋਂ ਐਕਟਿਵ ਹੋ ਗਏ ਹਨ ਕਿਉਂਕਿ ਜਲੰਧਰ ਜ਼ਿਲੇ ਤੋਂ ਕੈਪਟਨ ਮੰਤਰੀ ਮੰਡਲ 'ਚ ਘੱਟੋ-ਘੱਟ ਇਕ ਵਿਧਾਇਕ ਨੂੰ ਅਡਜਸਟ ਕਰਨ ਦੀ ਪੂਰੀ ਸੰਭਾਵਨਾ ਹੈ, ਜਿਸ ਨੂੰ ਦੇਖਦਿਆਂ ਵਿਧਾਇਕਾਂ ਨੇ ਲਾਬਿੰਗ ਸ਼ੁਰੂ ਕਰ ਦਿੱਤੀ। ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ, ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੂਬਾ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ, ਸਹਿ-ਇੰਚਾਰਜ ਹਰੀਸ਼ ਚੌਧਰੀ ਤੱਕ ਅਪਰੋਚ ਕੀਤੀ ਜਾ ਰਹੀ ਹੈ। ਉਥੇ ਜ਼ਿਲੇ ਨਾਲ ਸਬੰਧਤ ਇਕ ਵਿਧਾਇਕ ਵੱਲੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਰਬਾਰ ਵਿਚ ਵੀ ਗੋਟੀਆਂ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਦਿੱਲੀ ਦਰਬਾਰ ਤੋਂ ਉਸ ਦੇ ਨਾਂ 'ਤੇ ਮੋਹਰ ਲੱਗ ਜਾਏ। ਕਿਉਂਕਿ ਮੰਤਰੀ ਮੰਡਲ ਵਾਧੇ 'ਚ ਦਲਿਤ, ਹਿੰਦੂ, ਸਿੱਖ ਅਤੇ ਹੋਰ ਬਰਾਦਰੀਆਂ ਵਿਚ ਤਾਲਮੇਲ ਵੀ ਬਣਾਉਣਾ ਜ਼ਰੂਰੀ ਹੈ। ਇਸ ਕਾਰਨ ਅਜਿਹੇ ਸਮੀਕਰਨ ਬਣਾਉਣ ਦੌਰਾਨ ਕਿਸੇ ਵੀ ਵਿਧਾਇਕ ਦੀ ਲਾਟਰੀ ਲੱਗ ਸਕਦੀ ਹੈ। 
ਸੈਂਟਰਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਹਿੰਦੂ ਕੋਟੇ 'ਚੋਂ ਮੰਤਰੀ ਮੰਡਲ 'ਚ ਸਥਾਨ ਹਾਸਲ ਕਰਨਾ ਚਾਹੁੰਦੇ ਹਨ। ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਕਰਤਾਰਪੁਰ ਹਲਕੇ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦਲਿਤ ਭਾਈਚਾਰੇ ਤੋਂ ਆਪਣਾ ਦਾਅਵਾ ਜਤਾ ਰਹੇ ਹਨ। ਨਾਰਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਜੱਟ ਸਿੱਖ ਕੋਟੇ 'ਚੋਂ ਮੰਤਰੀ ਬਣਨ ਦੀਆਂ ਕੋਸ਼ਿਸ਼ਾਂ 'ਚ ਹਨ। ਵਿਧਾਇਕ ਰਾਜਿੰਦਰ ਬੇਰੀ ਦੇ ਸਾਫ ਅਤੇ ਬੇਦਾਗ ਅਕਸ ਕਾਰਨ ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਮਿਲਣ ਦੀ ਪੂਰੀ ਸੰਭਾਵਨਾ ਹੈ। ਵਿਧਾਇਕ ਸੁਸ਼ੀਲ ਰਿੰਕੂ ਪਿਛਲੇ ਮਹੀਨੇ ਤੋਂ ਆਪਣੀ ਕਾਰਜਸ਼ੈਲੀ ਕਾਰਨ ਦਲਿਤ ਆਗੂ ਦੇ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ ਅਤੇ ਉਨ੍ਹਾਂ ਦਾ ਨਾਂ ਬੇਹੱਦ ਚਰਚਾ 'ਚ ਹੈ। ਵਿਧਾਇਕ ਜੂਨੀਅਰ ਹੈਨਰੀ ਜੋ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਦੇ ਪੁੱਤਰ ਹਨ ਅਤੇ ਜ਼ਿਲੇ 'ਚ ਸਭ ਤੋਂ ਜ਼ਿਆਦਾ ਵੋਟ ਮਾਰਜਨ ਨਾਲ ਵਿਧਾਇਕ ਦੀ ਚੋਣ ਜਿੱਤੇ ਹਨ ਅਤੇ ਪਿਤਾ ਦੇ ਮੰਤਰੀ ਰਹੇ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਕੰਮਕਾਜ ਦਾ ਵੀ ਕਾਫੀ ਤਜਰਬਾ ਹੈ, ਜਿਸ ਕਾਰਨ ਜੂਨੀਅਰ ਹੈਨਰੀ ਦੇ ਨਾਂ 'ਤੇ ਵੀ ਗੰਭੀਰਤਾ ਨਾਲ ਵਿਚਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਵਿਧਾਇਕ ਪਰਗਟ ਸਿੰਘ ਜੋ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਾਸਮਖਾਸ ਹਨ ਅਤੇ ਕੌਮਾਂਤਰੀ ਹਾਕੀ ਖਿਡਾਰੀ ਹੋਣ ਕਾਰਨ ਉਨ੍ਹਾਂ ਨੂੰ ਮੰਤਰੀ ਬਣਾ ਕੇ ਖੇਡ ਮੰਤਰੀ ਬਣਾਏ ਜਾਣ ਸਬੰਧੀ ਸਿਆਸੀ ਬਾਜ਼ਾਰ ਗਰਮਾਇਆ ਹੋਇਆ ਹੈ, ਜਦੋਂਕਿ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਆਪਣੇ ਪਿਤਾ ਸਵ. ਜਗਜੀਤ ਸਿੰਘ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਰੀਬੀ ਸਬੰਧਾਂ ਕਾਰਨ ਮੰਤਰੀ ਅਹੁਦਾ ਹਾਸਲ ਕਰਨ ਦੀ ਇੱਛਾ ਪਾਲੀ ਬੈਠੇ ਹਨ। ਇਨ੍ਹਾਂ ਸਾਰੇ ਸਮੀਕਰਨਾਂ ਦੇ ਬਾਵਜੂਦ ਕਾਂਗਰਸ ਆਲ੍ਹਾ ਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਹੋਰ ਜ਼ਿਲਿਆਂ ਨਾਲ ਸਬੰਧਤ ਵਿਧਾਇਕਾਂ ਦੇ ਨਾਵਾਂ 'ਤੇ ਵੀ ਵਿਚਾਰ ਕਰਨ ਤੋਂ ਬਾਅਦ ਹੀ ਮੰਤਰੀ ਮੰਡਲ 'ਚ ਜਾਤੀ ਸਮੀਕਰਨ ਫਿੱਟ ਕਰਨੇ ਹਨ। ਇਸ ਕਾਰਨ ਜਲੰਧਰ 'ਚ ਪੰਜਾਂ ਵਿਧਾਇਕਾਂ 'ਚੋਂ ਕਿਸ ਵਿਧਾਇਕ ਨੂੰ ਕੈਬਨਿਟ 'ਚ ਜਗ੍ਹਾ ਮਿਲੇਗੀ, ਇਸ ਗੱਲ 'ਤੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਬੇਸਬਰੀ ਨਾਲ ਟਿਕੀਆਂ ਹੋਈਆਂ ਹਨ। 
ਮੰਤਰੀ ਨਾ ਬਣ ਸਕੇ ਤਾਂ ਲੈਜਿਸਟੇਟਿਵ ਅਸਿਸਟੈਂਟ ਬਣਨ ਦੇ ਜੁਗਾੜ 'ਚ ਹਨ ਵਿਧਾਇਕ
2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲੀ ਇਤਿਹਾਸਕ ਜਿੱਤ ਨਾਲ ਪੰਜਾਬ 'ਚ ਕਾਂਗਰਸ 'ਚ 71 ਵਿਧਾਇਕਾਂ ਦੀ ਲੰਮੀ ਟੀਮ ਖੜ੍ਹੀ ਹੋ ਗਈ ਹੈ ਪਰ ਮੁੱਖ ਮੰਤਰੀ ਸਾਰੇ ਵਿਧਾਇਕਾਂ ਨੂੰ ਮੰਤਰੀ ਬਣਾ ਕੇ ਖੁਸ਼ ਤਾਂ ਨਹੀਂ ਕਰ ਸਕਦੇ। ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕਾਂਗਰਸ ਸਰਕਾਰ ਚਾਹ ਕੇ ਵੀ ਚੀਫ ਪਾਰਲੀਮੈਂਟ ਸੈਕਰੇਟਰੀ ਨਹੀਂ ਬਣਾ ਸਕੇਗੀ। ਇਸ ਲਈ ਵੱਧ ਤੋਂ ਵੱਧ ਵਿਧਾਇਕਾਂ ਨੂੰ ਅਡਜਸਟ ਕਰਨ ਲਈ ਮੁੱਖ ਮੰਤਰੀ ਨੇ ਲੈਜਿਸਟੇਟਿਵ ਅਸਿਸਟੈਂਟ ਦੀ ਨਵੀਂ ਪੋਸਟ ਬਣਾਉਣ ਦਾ ਫੈਸਲਾ ਕੀਤਾ ਹੈ।