ਗਰੀਨ ਦੀਵਾਲੀ ਸਬੰਧੀ ਸਿੱਖਿਆ ਵਿਭਾਗ ਦਾ ਫੁਰਮਾਨ ਤੁਗਲਕੀ ਕਰਾਰ

10/09/2017 12:10:05 PM

ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ 4 ਅਕਤੂਬਰ ਨੂੰ ਸੂਬੇ ਭਰ ਦੇ ਸਕੂਲ ਮੁਖੀਆਂ ਦੇ ਨਾਂ ਜਾਰੀ ਪੱਤਰ ਵਿਚ ਸਕੂਲੀ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਦੇ ਮੰਤਵ ਅਧੀਨ ਬਿਜਲੀ ਦੇ ਬਲਬਾਂ ਦੀ ਥਾਂ ਮਿੱਟੀ ਦੇ ਦੀਵੇ ਬਾਲਣ ਲਈ ਉਤਸ਼ਾਹਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਦੇ ਇਨ੍ਹਾਂ ਹੁਕਮਾਂ ਨੂੰ ਤੁਗਲਕੀ ਗਰਦਾਨਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਦੇ ਮੁਖੀ ਸੁਰਜੀਤ ਸਿੰਘ ਮੋਹਾਲੀ ਨੇ ਸਵਾਲ ਕੀਤਾ ਹੈ ਕਿ ਮਿੱਟੀ ਦੇ ਦੀਵੇ ਬਾਲਣਾ ਵਾਤਾਵਰਣ ਹਿਤੈਸ਼ੀ ਕਿਵੇਂ ਹੈ? 
ਸੁਰਜੀਤ ਸਿੰਘ ਨੇ ਅੱਜ ਇਥੇ ਕਿਹਾ ਕਿ ਮਿੱਟੀ ਦੇ ਦੀਵਿਆਂ 'ਚ ਸਰ੍ਹੋਂ ਦੇ ਤੇਲ ਤੇ ਬੱਤੀਆਂ ਲਈ ਵਰਤੀ ਜਾਂਦੀ ਕਪਾਹ ਦੇ ਸੜਨ ਨਾਲ ਤਾਪ ਤੇ ਧੂੰਆਂ ਪੈਦਾ ਹੁੰਦਾ ਹੈ, ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਆਧੁਨਿਕ ਤਕਨੀਕ ਵਾਲੇ ਬਿਜਲੀ ਦੀਆਂ ਲੜੀਆਂ ਤੇ ਬਲਬ ਨਾਮਾਤਰ ਬਿਜਲਈ ਊਰਜਾ ਦੀ ਖਪਤ ਨਾਲ ਬਿਨਾਂ ਪ੍ਰਦੂਸ਼ਣ ਦੇ ਦੀਵਾਲੀ ਤੇ ਹੋਰ ਧਾਰਮਿਕ ਪ੍ਰੰਪਰਾਵਾਂ ਦਾ ਹਿੱਤ ਪੂਰਦੇ ਹਨ।  ਬਿਜਲਈ ਯੰਤਰ ਜਿਥੇ ਇਕ ਤੋਂ ਵੱਧ ਵਾਰ ਵਰਤੇ ਜਾ ਸਕਦੇ ਹਨ, ਉਥੇ ਹੀ ਮਿੱਟੀ ਦੇ ਦੀਵੇ ਸਿਰਫ਼ ਇਕ ਹੀ ਵਾਰ ਵਰਤੋਂ ਵਿਚ ਆਉਣ ਉਪਰੰਤ ਇਨ੍ਹਾਂ ਦਾ ਨਿਪਟਾਰਾ ਵੀ ਭੂਮੀ-ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ 3 ਕਰੋੜ ਆਬਾਦੀ ਵਾਲੇ 75 ਲੱਖ ਪਰਿਵਾਰ ਜੇ ਸਰਕਾਰ ਦਾ ਇਹ ਨਾਦਰਸ਼ਾਹੀ ਫੁਰਮਾਨ ਮੰਨਦਿਆਂ ਦੀਵਾਲੀ ਦੌਰਾਨ ਘਰਾਂ ਤੇ ਧਾਰਮਿਕ ਅਸਥਾਨਾਂ ਨੂੰ ਰੌਸ਼ਨ ਕਰਨ ਲਈ ਬਿਜਲੀ ਦੀ ਥਾਂ ਸਿਰਫ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨ ਤਾਂ ਪ੍ਰਤੀ ਪਰਿਵਾਰ ਔਸਤ ਇਕ ਲਿਟਰ ਸਰ੍ਹੋਂ ਦੇ ਤੇਲ ਦੇ ਹਿਸਾਬ ਨਾਲ ਸਿਰਫ਼ ਇਕ ਰਾਤ ਵਿਚ ਹੀ 75 ਲੱਖ ਲਿਟਰ ਸਰ੍ਹੋਂ ਦੇ ਤੇਲ ਦੇ ਸੜਨ ਦਾ ਅਨੁਮਾਨ ਹੈ। 
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਉਪਰਾਲੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਖੁਦ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਮਿੱਟੀ ਦੇ ਦੀਵੇ ਬਾਲਣ ਦੇ ਹੁਕਮ ਜਾਰੀ ਕਰ ਰਹੀ ਹੈ । ਸੁਰਜੀਤ ਸਿੰਘ ਅਨੁਸਾਰ ਤੇਲ, ਇਨ੍ਹਾਂ ਦੀਵਿਆਂ ਦੀਆਂ ਬੱਤੀਆਂ ਲਈ ਵਰਤੀ ਜਾਣ ਵਾਲੀ ਕਪਾਹ ਤੇ ਵਰਤੇ ਗਏ ਕਰੋੜਾਂ ਦੀਵਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦਾ ਮੁਲਾਂਕਣ ਵਾਤਾਵਰਣ ਮਾਹਿਰਾਂ ਲਈ ਖੋਜ ਦਾ ਵਿਸ਼ਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਸਿੱਖਿਆ ਵਿਭਾਗ ਬਿਜਲੀ ਤੇ ਮਿੱਟੀ ਦੇ ਦੀਵਿਆਂ ਦੇ ਆਰਥਿਕ ਤੇ ਵਾਤਾਵਰਣ ਨਾਲ ਸਬੰਧਿਤ ਪਹਿਲੂਆਂ ਤੇ ਖੋਜ-ਬੀਨ ਉਪਰੰਤ ਤੁਲਨਾਤਮਿਕ ਅਧਿਐਨ 'ਤੇ ਆਧਾਰਿਤ ਸੇਧ ਜਾਰੀ ਕਰਦਾ, ਤਾਂ ਜੋ ਬੱਚਿਆਂ ਨੂੰ ਤਰਕ ਦੇ ਆਧਾਰ 'ਤੇ ਅਜਿਹੇ ਬਦਲਾਅ ਅਪਣਾਉਣ ਲਈ ਸਹਿਮਤ ਕੀਤਾ ਜਾ ਸਕਦਾ।