ਪੰਜਾਬ ਸਰਕਾਰ ਵਲੋਂ ਖਾਣੇ ਤੇ ਹੋਰ ਜ਼ਰੂਰੀ ਵਸਤਾਂ ਦੀ ਸੰਭਾਲ ਸਬੰਧੀ ਐਡਵਾਈਜ਼ਰੀ ਜਾਰੀ

05/08/2020 3:46:18 PM

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਖਾਣੇ ਅਤੇ ਘਰ ਦੀਆਂ ਹੋਰ ਜ਼ਰੂਰੀ ਵਸਤੂਆਂ ਦੀ ਸੁਰੱਖਿਆ ਅਤੇ ਸੰਭਾਲ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। 
ਸਭ ਲਈ ਮਾਸਕ ਪਹਿਨਣਾ ਜ਼ਰੂਰੀ
ਆਮ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਦੁਕਾਨਦਾਰਾਂ, ਗਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਿਆ ਜਾਵੇਗਾ, ਭਾਵੇਂ ਉਹ ਸਮਾਨ ਖਰੀਦਣ ਲਈ ਜਾਂ ਆਰਡਰ ਲੈਣ ਲਈ ਸਿਰਫ ਕੁਝ ਸਮੇਂ ਲਈ ਹੀ ਅੰਦਰ ਹੋਣ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਤੇ ਮੂੰਹ ਚੰਗੀ ਤਰਾਂ ਢੱਕਿਆ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ। ਦੁਕਾਨਦਾਰ, ਗਾਹਕ ਅਤੇ ਡਿਲਵਰੀ ਸਟਾਫ ਇੱਕ-ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ, ਭਾਵੇਂ ਕੋਈ ਜਾਣਕਾਰ ਹੀ ਹੋਵੇ। ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਹਰ ਸਮੇਂ ਇੱਕ-ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਗਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਜਾਂ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਲਗਾਏ ਨਿਸ਼ਾਨਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਭ ਦੇ ਵੱਲੋਂ ਆਪਣੀ ਵਾਰੀ ਦੀ ਉਡੀਕ ਕੀਤੀ ਜਾਵੇ ਅਤੇ ਕਿਸੇ ਵੀ ਹਾਲਾਤ 'ਚ ਭੀੜ ਨਾ ਹੋਣ ਦਿੱਤੀ ਜਾਵੇ।
ਹੱਥਾਂ ਦੀ ਸਫਾਈ ਦਾ ਰੱਖੋ ਧਿਆਨ
ਸਾਰੇ ਦੁਕਾਨਦਾਰ, ਗਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਪੈਰਾਂ ਨਾਲ ਚੱਲਣ ਵਾਲੇ ਹੈਂਡ-ਵਾਸ਼ਿੰਗ ਸਟੇਸ਼ਨ (ਜੇ ਉਪਲੱਬਧ ਹੋਣ) ਦੀ ਵਰਤੋਂ ਕਰ ਕੇ ਹੱਥਾਂ ਨੂੰ ਸਾਫ ਕੀਤਾ ਜਾਵੇ। ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 40 ਸੈਕਿੰਡ ਤੱਕ ਧੋਵੋ, ਹੱਥਾਂ ਦੀਆਂ ਤਲੀਆਂ, ਹੱਥਾਂ ਦਾ ਪਿਛਲਾ ਪਾਸਾ, ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗਾ ਤੇ ਗੁੱਟਾਂ ਨੂੰ ਚੰਗੀ ਤਰਾਂ ਰਗੜੋ। ਹਾਲਾਂਕਿ ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਗਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਦੁਕਾਨ 'ਚ ਪ੍ਰਵੇਸ਼ ਸਥਾਨ 'ਤੇ ਹੱਥ ਸਾਫ਼ ਕਰਨ ਲਈ ਲੱਗੇ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਦੁਕਾਨਦਾਰਾਂ/ਵਰਕਰਾਂ ਅਤੇ ਗਾਹਕਾਂ ਦੇ ਲਈ ਦੁਕਾਨ 'ਚ ਪ੍ਰਵੇਸ਼ ਸਥਾਨ 'ਤੇ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦਾ ਪ੍ਰਬੰਧ ਕੀਤਾ ਜਾਵੇ। ਸਮੇਂ-ਸਮੇਂ 'ਤੇ ਸੈਨੀਟਾਈਜ਼ਰਾਂ ਨੂੰ ਰੀ-ਫਿਲ ਜਾਂ ਬਦਲਿਆ ਜਾਵੇ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ 'ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲੋ। 
ਧੂਮਰਪਾਨ 'ਤੇ ਰੋਕ
ਗਾਹਕਾਂ ਅਤੇ ਡਿਲਵਰੀ ਸਟਾਫ ਵੱਲੋਂ ਦੁਕਾਨ/ਮਾਰਕਿਟ 'ਚ ਧੂਮਰਪਾਨ ਜਾਂ ਤੰਬਾਕੂ ਆਧਾਰਿਤ ਚੀਜ਼ਾਂ ਜਿਵੇਂ ਕਿ ਗੁਟਕਾ, ਪਾਨ ਮਸਾਲਾ ਆਦਿ ਦਾ ਸੇਵਨ ਨਾ ਕੀਤਾ ਜਾਵੇ। ਜੇਕਰ ਕਿਸੇ ਵੀ ਗਾਹਕ/ਡਿਲਵਰੀ ਸਟਾਫ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ, ਜਿਸ ਨੂੰ ਆਪਣੀ ਜੇਬ/ਪਰਸ 'ਚ ਰੱਖਿਆ ਜਾਵੇ ਅਤੇ ਇਸ ਰੁਮਾਲ ਨੂੰ ਕਿਸੇ ਹੋਰ ਵਸਤੂ ਦੇ ਸੰਪਰਕ 'ਚ ਨਾ ਆਉਣ ਦਿੱਤਾ ਜਾਵੇ। ਜੇਕਰ ਗਾਹਕ/ਡਿਲਵਰੀ ਸਟਾਫ ਕੋਲ ਰੁਮਾਲ ਨਹੀਂ ਹੈ ਤਾਂ ਆਪਣੇ ਮੂੰਹ ਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕੋ। ਉਪਰੋਕਤ ਦੋਵਾਂ ਮਾਮਲਿਆਂ 'ਚ ਆਪਣੇ ਹੱਥ ਜਾਂ ਖੰਘ/ਛਿੱਕਾਂ ਦੇ ਸੰਪਰਕ 'ਚ ਆਏ ਹੋਰ ਹਿੱਸਿਆਂ ਨੂੰ ਨਿਯਮਿਤ ਢੰਗ ਨਾਲ ਧੋਤਾ ਜਾਂ ਸੈਨੀਟਾਈਜ਼ ਕੀਤਾ ਜਾਵੇ। ਗਾਹਕ/ਡਿਲਵਰੀ ਸਟਾਫ ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਹੱਥਾਂ ਨਾਲ ਨਾ ਛੂਹਣ।
ਜਨਤਕ ਇਕੱਠ ਨਾ ਕੀਤਾ ਜਾਵੇ
ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਦੁਕਾਨਦਾਰ/ਗਾਹਕ/ਡਿਲਵਰੀ ਸਟਾਫ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਨਤਕ, ਧਾਰਮਿਕ, ਰਾਜਨੀਤਿਕ ਆਦਿ ਇਕੱਠ ਨਾ ਕੀਤਾ ਜਾਵੇ। ਗਾਹਕਾਂ ਵੱਲੋਂ ਡਿਜ਼ੀਟਲ ਭੁਗਤਾਨ ਨੂੰ ਪਹਿਲ ਦਿੱਤੀ ਜਾਵੇ। ਦੁਕਾਨਦਾਰ ਜਾਂ ਉਨ੍ਹਾਂ ਦੇ ਵਰਕਰਾਂ ਅਤੇ ਗਾਹਕ ਵੱਲੋਂ ਜੇਕਰ ਕਰੰਸੀ ਲੈਣ-ਦੇਣ (ਕੈਸ਼ ਟਰਾਂਸੇਕਸ਼ਨ) ਕੀਤਾ ਜਾਂਦਾ ਹੈ ਤਾਂ ਇਸ ਤੋਂ ਪਹਿਲਾਂ ਤੇ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕੀਤਾ ਜਾਵੇ। ਦੁਕਾਨਦਾਰ/ਗਾਹਕ/ਡਿਲਵਰੀ ਸਟਾਫ ਵੱਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਸਾਰਿਆਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਗਾਹਕ ਘਰੋਂ ਲਿਆਉਣ ਕੱਪੜੇ ਦਾ ਥੈਲਾ
ਗਾਹਕਾਂ/ਖਪਤਕਾਰਾਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਖਪਤਕਾਰਾਂ ਵੱਲੋਂ ਸਮਾਨ ਖਰੀਦਣ ਲਈ ਆਪਣੇ ਘਰੋਂ ਹੀ ਕੱਪੜੇ ਦਾ ਥੈਲਾ ਲਿਆਂਦਾ ਜਾਵੇ। ਇਸ ਕੱਪੜੇ ਦੇ ਥੈਲੇ ਨੂੰ ਬਾਅਦ 'ਚ ਕੋਸੇ ਪਾਣੀ ਅਤੇ ਸਾਬਣ/ਡਿਟਰਜੈਂਟ ਨਾਲ ਧੋਤਾ ਜਾਵੇ। ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਸਮਾਨ/ਚੀਜ਼ਾਂ ਨੂੰ ਸੋਡੇ ਵਾਲੇ ਕੋਸੇ ਪਾਣੀ ਨਾਲ ਧੋ ਲੈਣ ਅਤੇ ਬਾਅਦ 'ਚ ਸਾਫ ਕੱਪੜੇ ਨਾਲ ਪੂੰਝ ਲੈਣ। ਖਾਣੇ ਦੀਆਂ ਸਾਰੀਆਂ ਵਸਤੂਆਂ ਨੂੰ ਸਾਫ ਤਾਜ਼ੇ ਪਾਣੀ ਨਾਲ ਧੋਤਾ ਜਾਵੇ। ਕੱਚੇ ਖਾਧੇ ਜਾਣ ਵਾਲੇ ਫ਼ਲ ਅਤੇ ਸਬਜ਼ੀਆਂ ਨੂੰ 50 ਪੀਪੀਐੱਮ ਕਲੋਰੀਨ ਅਤੇ ਤਾਜ਼ੇ ਪਾਣੀ ਨਾਲ ਧੋਤਾ ਜਾਵੇ।
ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਖਰਾਬ ਹੋਏ/ ਬਾਸੇ ਭੋਜਨ ਨੂੰ ਫਰਿੱਜ 'ਚ ਨਾ ਰੱਖਿਆ ਨਾ ਜਾਵੇ। ਗਾਹਕਾਂ ਵੱਲੋਂ ਆਪਣੇ ਫਰਿੱਜ ਨੂੰ ਸਮੇਂ-ਸਮੇਂ 'ਤੇ ਅੰਦਰੋਂ ਅਤੇ ਬਾਹਰੋਂ ਸਾਫ ਕੀਤਾ ਜਾਵੇ। ਕਿਸੇ ਵੀ ਕਰਿਆਨੇ ਦੇ ਸਮਾਨ ਜਾਂ ਖਾਣੇ ਦੀ ਡਿਲਵਰੀ ਲੈਣ ਸਮੇਂ ਖਪਤਕਾਰਾਂ ਵੱਲੋਂ ਸੁਰੱਖਿਆ ਦੇ ਲਈ ਡਿਜੀਟਲ ਪੇਮੈਂਟ ਨੂੰ ਤਰਜੀਹ ਦਿੱਤੀ ਜਾਵੇ । ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਪਕਾਈਆਂ ਹੋਈਆਂ ਖਾਣ ਵਾਲੀਆਂ ਚੀਜ਼ਾਂ ਜਾਂ ਖਾਣ ਲਈ ਤਿਆਰ ਚੀਜ਼ਾਂ ਨੂੰ ਖੁੱਲੇ 'ਚ ਨਾ ਛੱਡੋ। ਉਹ ਆਪਣੀਆਂ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਨੂੰ ਬੰਦ ਡੱਬਿਆਂ 'ਚ ਰੱਖਣ।

Babita

This news is Content Editor Babita