ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋਣ ''ਤੇ ਕਾਂਗਰਸੀ ਵਿਧਾਇਕਾਂ ਨੇ ਗਿਣਾਈਆਂ ਉਪਲੱਬਧੀਆਂ

03/17/2019 2:10:59 PM

ਜਲੰਧਰ (ਚੋਪੜਾ)— ਪੰਜਾਬ 'ਚ ਕੈਪਟਨ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੇ ਬੀਤੇ ਦਿਨ 2 ਸਾਲ ਪੂਰੇ ਹੋ ਗਏ ਹਨ। ਸਰਕਾਰ ਦੀਆਂ ਉਪਲਬਧੀਆਂ 'ਤੇ ਚੋਣ ਐਲਾਨ ਪੱਤਰ 'ਚ ਕੀਤੇ ਗਏ ਵਾਅਦਿਆਂ ਬਾਰੇ ਜਦੋਂ ਕਾਂਗਰਸ ਦੇ ਵਿਧਾਇਕਾਂ ਕੋਲੋਂ ਪੁੱਛਿਆ ਗਿਆ ਤਾਂ ਜਲੰਧਰ ਨਾਰਥ ਵਿਧਾਨ ਸਭਾ ਹਲਕੇ ਦੇ ਵਿਧਾਇਕ ਜੂਨੀਅਰ ਅਵਤਾਰ ਹੈਨਰੀ, ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ, ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ, ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਇਕੋ ਜਿਹੀਆਂ ਗੱਲਾਂ ਆਖੀਆਂ। ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸੱਤਾ ਸੰਭਾਲੀ, ਉਨ੍ਹਾਂ ਨੂੰ ਵਿਰਾਸਤ 'ਚ ਅਕਾਲੀ-ਭਾਜਪਾ ਗਠਜੋੜ ਵਾਲੀ ਬਾਦਲ ਸਰਕਾਰ ਵੱਲੋਂ ਖਾਲੀ ਖਜ਼ਾਨਾ ਮਿਲਿਆ ਸੀ ਪਰ ਕੈਪਟਨ ਅਮਰਿੰਦਰ ਨੇ ਆਪਣੀਆਂ ਨੀਤੀਆਂ ਨਾਲ ਪੰਜਾਬ ਨੂੰ ਫਿਰ ਤੋਂ ਪੈਰਾਂ 'ਤੇ ਲਿਆ ਖੜ੍ਹਾ ਕੀਤਾ। ਵਿਧਾਇਕ ਪਰਗਟ, ਬੇਰੀ, ਰਿੰਕੂ, ਹੈਨਰੀ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੋ ਕਿਹਾ ਉਸ ਨੂੰ ਪੂਰਾ ਕਰ ਵਿਖਾਇਆ। ਕਿਸਾਨਾਂ ਅਤੇ ਐੱਸ. ਸੀ./ਬੀ. ਸੀ. ਵਰਗ ਦੇ ਕਰਜ਼ੇ ਮੁਆਫ ਹੋਏ, ਨਸ਼ਾ ਮਾਫੀਆ ਦਾ ਲੱਕ ਤੋੜਿਆ ਗਿਆ, ਉਦਯੋਗਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ, ਗੁੰਡਾ ਰਾਜ ਖਤਮ ਕੀਤਾ, ਪੈਨਸ਼ਨਾਂ 'ਚ ਵਾਧਾ ਕਰਕੇ ਸਮੇਂ 'ਤੇ ਰਿਲੀਜ਼ ਕੀਤਾ, ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਮੰਡੀਆਂ 'ਚ ਸਹੀ ਮੁੱਲ 'ਤੇ ਸਮੇਂ 'ਤੇ ਚੁੱਕਿਆ ਗਿਆ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਸਿਹਤ, ਸਿੱਖਿਆ ਅਤੇ ਇਨਫਰਾਸਟਰੱਕਚਰ ਸੁਧਾਰ 'ਚ ਅਨੇਕਾਂ ਬਿਹਤਰੀਨ ਕੰਮ ਕੀਤੇ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਚੋਣ ਵਾਅਦਿਆਂ ਨੂੰ 5 ਸਾਲਾਂ ਵਿਚ ਪੂਰਾ ਕਰਨਾ ਸੀ ਪਰ ਅਜੇ ਸਰਕਾਰ ਨੂੰ ਸੱਤਾ ਸੰਭਾਲਿਆਂ 2 ਸਾਲ ਹੀ ਬੀਤੇ ਹਨ। ਆਉਣ ਵਾਲੇ 3 ਸਾਲਾਂ 'ਚ ਕੋਈ ਵੀ ਅਜਿਹਾ ਵਾਅਦਾ ਨਹੀਂ ਬਚੇਗਾ ਜੋ ਪੂਰਾ ਨਾ ਹੋਇਆ ਹੋਵੇ। ਇਸ ਸਬੰਧ ਵਿਚ ਜਦੋਂ ਵਿਧਾਇਕਾਂ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਜੂਨੀਅਰ ਅਵਤਾਰ ਹੈਨਰੀ ਅਤੇ ਪਰਗਟ ਸਿੰਘ ਨਾਲ ਉਨ੍ਹਾਂ ਦੇ ਸਬੰਧਤ ਵਿਧਾਨ ਸਭਾ ਹਲਕਾ ਪੱਧਰ 'ਤੇ ਦੋ ਸਾਲਾਂ 'ਚ ਕੀਤੇ ਕੰਮਾਂ ਤੇ ਬਾਕੀ 3 ਸਾਲਾਂ 'ਚ ਕਿਹੜੇ ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ, ਬਾਰੇ ਜਾਣਕਾਰੀ ਪੁੱਛੀ ਤਾਂ ਕਾਂਗਰਸੀ ਵਿਧਾਇਕਾਂ ਨੇ ਆਪਣੇ-ਆਪਣੇ ਹਲਕਾ ਪੱਧਰ 'ਤੇ ਵੱਖ-ਵੱਖ ਤਰ੍ਹਾਂ ਦੇ ਕੰਮਾਂ ਬਾਰੇ ਜਾਣਕਾਰੀਆਂ ਦਿੱਤੀਆਂ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ-


ਭਗਤ ਸਿੰਘ ਨਗਰ ਦੇ ਗੰਦੇ ਨਾਲੇ ਨੂੰ 90 ਲੱਖ ਰੁਪਏ ਨਾਲ ਸੀਵਰੇਜ ਨਾਲ ਜੋੜਿਆ ਜਾ ਰਿਹੈ : ਵਿਧਾਇਕ ਜੂਨੀਅਰ ਹੈਨਰੀ
ਵਿਧਾਇਕ ਜੂਨੀਅਰ ਅਵਤਾਰ ਹੈਨਰੀ ਨੇ ਕਿਹਾ ਕਿ ਉਨ੍ਹਾਂ 2 ਸਾਲਾਂ 'ਚ ਹਲਕੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ 'ਚ ਖਾਸ ਧਿਆਨ ਦਿੱਤਾ ਹੈ। ਹਲਕੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗਾ। ਹਲਕੇ 'ਚ ਨਵੀਆਂ ਸੜਕਾਂ, ਨਵੇਂ ਟਿਊਬਵੈੱਲ ਲਗਵਾਏ ਜਾ ਰਹੇ ਹਨ, ਭਗਤ ਸਿੰਘ ਕਾਲੋਨੀ ਤੋਂ ਸ਼ੀਤਲ ਨਗਰ ਦੇ ਗੰਦੇ ਨਾਲੇ ਨੂੰ 90 ਲੱਖ ਰੁਪਏ ਖਰਚ ਕਰਕੇ ਸੀਵਰੇਜ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਕੰਮ 31 ਮਾਰਚ ਤੱਕ ਪੂਰਾ ਹੋ ਜਾਵੇਗਾ। ਸੁਪਰ ਸਕਸ਼ਨ ਮਸ਼ੀਨਾਂ ਨਾਲ ਹਲਕੇ 'ਚ ਪੁਰਾਣੀਆਂ ਅਤੇ ਡੈੱਡ ਹੋ ਚੁੱਕੀਆਂ ਸੀਵਰ ਲਾਈਨਾਂ ਨੂੰ ਚਾਲੂ ਕੀਤਾ ਗਿਆ, ਜਿਸ ਨਾਲ ਰੇਲਵੇ ਰੋਡ, ਭਗਤ ਸਿੰਘ ਚੌਕ, ਕਿਸ਼ਨਪੁਰਾ ਜਿਹੇ ਇਲਾਕਿਆਂ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਵਾਉਣਾ ਅਤੇ ਬੱਚਿਆਂ ਨੂੰ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ, ਹਲਕੇ 'ਚ ਟ੍ਰੈਫਿਕ ਵਿਵਸਥਾ ਸੁਚਾਰੂ ਕਰਵਾਉਣਾ, ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਟ੍ਰੀ ਪਲਾਂਟੇਸ਼ਨ ਮੁਹਿੰਮ ਨੂੰ ਹੋਰ ਤੇਜ਼ ਕਰਨਾ ਮੇਰਾ ਮੁੱਖ ਮਕਸਦ ਹੈ। ਇਸ ਤੋਂ ਇਲਾਵਾ ਅਗਲੇ 3 ਸਾਲਾਂ 'ਚ ਬਰਲਟਨ ਪਾਰਕ ਸਟੇਡੀਅਮ 'ਚ ਨਿਰਮਾਣ ਨੂੰ ਪੂਰਾ ਕਰਵਾਉਣਾ ਅਤੇ ਨਵੇਂ ਇੰਡਸਟਰੀਅਲ ਅਸਟੇਟ ਨੂੰ ਮਨਜ਼ੂਰ ਕਰਵਾਵਾਂਗਾ। ਇਸ ਤੋਂ ਇਲਾਵਾ ਹਲਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗਾ।


ਲੱਧੇਵਾਲੀ ਫਾਟਕ 'ਤੇ 35 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਓਵਰਬ੍ਰਿਜ ਨੂੰ ਕਰਵਾਇਆ ਮਨਜ਼ੂਰ : ਵਿਧਾਇਕ ਰਾਜਿੰਦਰ ਬੇਰੀ
ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਆਪਣੇ 2 ਸਾਲਾਂ ਦੇ ਕਾਰਜਕਾਲ 'ਚ ਉਨ੍ਹਾਂ ਹਲਕੇ 'ਚ ਆਉਂਦੇ ਨਿਫਟ ਕਾਲਜ ਦੀ 10 ਸਾਲਾਂ ਤੋਂ ਬਿਲਡਿੰਗ ਨੂੰ ਕੰਪਲੀਟ ਕਰਵਾਉਣ ਲਈ 2 ਕਰੋੜ ਖਰਚ ਕੀਤੇ ਜਾ ਰਹੇ ਹਨ। ਸਰਕਾਰ ਕੋਲੋਂ ਇਸ ਅਧੂਰੇ ਕਾਲਜ ਦੇ ਨਿਰਮਾਣ ਲਈ ਫੰਡ ਲਿਆ ਕੇ ਕਾਲਜ ਬਿਲਡਿੰਗ ਨੂੰ ਤਿਆਰ ਕਰਵਾਇਆ ਜਾ ਰਿਹਾ ਹੈ। ਅਗਲੇ ਸਿੱਖਿਆ ਸੈਸ਼ਨ 'ਚ ਬੱਚਿਆਂ ਲਈ ਵੱਖ-ਵੱਖ ਕੋਰਸ ਸ਼ੁਰੂ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੱਧੇਵਾਲੀ ਫਾਟਕ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਮੁਕਤ ਕਰਨ ਲਈ 35 ਕਰੋੜ ਦੀ ਲਾਗਤ ਨਾਲ ਓਵਰਬ੍ਰਿਜ ਨੂੰ ਮਨਜ਼ੂਰ ਕਰਵਾਇਆ ਗਿਆ ਹੈ। ਕੇਂਦਰ ਸਰਕਾਰ ਦੇ ਪ੍ਰੀ-ਬਜਟ ਕਾਰਨ ਇਸ ਦਾ ਐਲਾਨ ਨਹੀਂ ਹੋਇਆ ਪਰ ਲੋਕ ਸਭਾ ਚੋਣਾਂ ਤੋਂ ਬਾਅਦ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਇਸ ਦਾ ਐਲਾਨ ਹੋ ਜਾਵੇਗਾ। ਪੀ. ਡਬਲਯੂ. ਡੀ. ਕੋਲੋਂ 9 ਕਰੋੜ ਰੁਪਏ ਲਿਆ ਕੇ ਰਾਮਾ ਮੰਡੀ ਤੋਂ ਜੰਡੂਸਿੰਗਾ ਤੱਕ ਦੀ ਸੜਕ ਨੂੰ ਚੌੜਾ ਕਰਕੇ ਡਿਵਾਈਡਰ ਬਣਾਏ ਜਾ ਰਹੇ ਹਨ ਅਤੇ ਸਾਈਡ ਸੜਕ 'ਤੇ ਇੰਟਰਲਾਕਿੰਗ ਟਾਇਲਾਂ ਲਾਈਆਂ ਜਾ ਰਹੀਆਂ ਹਨ। ਅਗਲੇ 3 ਸਾਲਾਂ 'ਚ ਜੋਤੀ ਚੌਕ ਵਿਚ ਸੁਦਾਮਾ ਮਾਰਕੀਟ ਜਾਂ ਪੁਰਾਣੇ ਐੱਸ.  ਐੱਸ . ਪੀ. ਆਫਿਸ ਨੂੰ ਪਾਰਕਿੰਗ ਸਥਾਨ ਦੇ ਤੌਰ 'ਤੇ ਵਿਕਸਿਤ ਕਰਵਾਵਾਂਗੇ। ਢਿਲਵਾਂ ਚੌਕ ਤੋਂ ਤੱਲ੍ਹਣ ਤੱਕ ਦੀ ਸੜਕ ਨੂੰ ਡਬਲ ਲੇਨ ਬਣਾਉਣ, ਅਮਰੁਤ ਯੋਜਨਾ 'ਤੇ 7.50 ਕਰੋੜ  ਰੁਪਏ, ਸੀਵਰੇਜ ਬੋਰਡ 50 ਲੱਖ ਖਰਚ ਕਰਨ ਜਿਹੇ ਕਈ ਡਿਵੈੱਲਪਮੈਂਟ ਦੇ ਕੰਮ ਕਰਵਾਵਾਂਗਾ।


ਬੂਟਾ ਮੰਡੀ 'ਚ ਸਰਕਾਰੀ ਕਾਲਜ ਮਨਜ਼ੂਰ ਕਰਵਾ ਕੇ ਜਨਤਾ ਦੇ ਸੁਪਨਿਆਂ ਨੂੰ ਲਾਏ ਖੰਭ : ਵਿਧਾਇਕ ਸੁਸ਼ੀਲ ਰਿੰਕੂ
ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੀਆਂ 2 ਸਾਲਾਂ ਦੀਆਂ ਉਪਲੱਬਧੀਆਂ ਦੱਸਦਿਆਂ ਕਿਹਾ ਕਿ ਬੂਟਾ ਮੰਡੀ 'ਚ ਡਾ. ਭੀਮ ਰਾਓ ਅੰਬੇਡਕਰ ਗਰਲਜ਼ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖੇ ਜਾਣ 'ਤੇ ਹਲਕੇ ਦੇ ਲੋਕਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦਾ ਕੰਮ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ 5 ਕਰੋੜ ਰੁਪਏ ਦੇ ਫੰਡ ਨਾਲ ਜਨਤਾ ਨੂੰ ਹਰ ਮੁਢਲੀ ਸਹੂਲਤ ਮੁਹੱਈਆ ਕਰਵਾਵਾਂਗਾ। 120 ਫੁੱਟੀ ਰੋਡ ਅਤੇ ਆਲੇ ਦੁਆਲੇ ਦੀਆਂ ਕਾਲੋਨੀ 'ਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ 70 ਕਰੋੜ ਰੁਪਏ ਦਾ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ, ਜਿਸ ਦੇ ਤਹਿਤ ਪਾਣੀ ਇਕ ਥਾਂ ਇਕੱਠਾ ਕਰ ਕੇ ਬੂਸਟਰ ਦੇ ਜ਼ਰੀਏ ਸਿੱਧਾ ਕਾਲਾਸੰਘਿਆ ਡ੍ਰੇਨ 'ਚ ਸੁੱਟਿਆ ਜਾਵੇਗਾ। ਐੱਨ. ਆਰ. ਐੱਚ. ਐੱਸ. ਹਸਪਤਾਲ ਅਤੇ ਕਮਿਊਨਿਟੀ ਸੈਂਟਰ ਨੂੰ ਇਨਫਰਾਸਟਰੱਕਟਰ ਮੁਹੱਈਆ ਕਰਵਾ ਜਨਤਾ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਵਾਂਗੇ। ਵਿਧਾਇਕ ਰਿੰਕੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਬਿਨਾਂ ਪਲਾਨਿੰਗ ਦੇ ਸ਼ੁਰੂ ਕੀਤਾ, ਜਿਸ ਕਾਰਨ ਹਸਪਤਾਲ ਦੀ ਬਿਲਡਿੰਗ ਤਾਂ ਖੜ੍ਹੀ ਹੋ ਗਈ ਪਰ ਬੇਸਿਕ ਇਨਫਰਾਸਟਰੱਕਟਰ ਤੱਕ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਡਾਕਟਰਾਂ ਅਤੇ ਸਟਾਫ ਦੀ ਭਰਤੀ ਸ਼ੁਰੂ ਕਰਵਾਵਾਂਗੇ। ਜਨਤਾ ਨੂੰ ਹਰੇਕ ਸਹੂਲਤ ਦਿਵਾ ਕੇ ਹਲਕੇ ਨੂੰ ਵਿਕਾਸ ਦੇ ਮਾਮਲੇ ਵਿਚ ਨੰਬਰ ਇਕ ਬਣਾਵਾਂਗਾ।


11 ਪਿੰਡਾਂ ਨੂੰ ਨਿਗਮ ਦੀ ਹੱਦ 'ਚ ਕਰਵਾਇਆ ਸ਼ਾਮਲ, ਪੈਰੀ-ਫੇਰੀ ਰੋਡ 'ਤੇ ਚੱਲ ਰਿਹਾ ਵਰਕ : ਵਿਧਾਇਕ ਪਰਗਟ ਸਿੰਘ
ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹਲਕਾ ਸੈਮੀ ਅਰਬਨ ਅਤੇ ਸੈਮੀ ਰੂਰਲ ਹੈ। 11 ਪਿੰਡ ਜਿਨ੍ਹਾਂ ਦੇ ਆਲੇ-ਦੁਆਲੇ ਕਾਲੋਨੀਆਂ ਵਿਕਸਿਤ ਹੋ ਚੁੱਕੀਆਂ ਸਨ, ਉਨ੍ਹਾਂ ਨੂੰ ਨਗਰ ਨਿਗਮ ਦੀ ਹੱਦ ਵਿਚ ਸ਼ਾਮਲ ਕਰਵਾਇਆ। ਹੁਣ ਲੋਕਲ ਬਾਡੀਜ਼ ਵਿਭਾਗ ਕੋਲੋਂ ਇਨ੍ਹਾਂ ਪਿੰਡਾਂ ਵਿਚ ਸੀਵਰੇਜ ਪਾਉਣ ਲਈ 40 ਕਰੋੜ ਰੁਪਏ ਦਾ ਪ੍ਰਾਜੈਕਟ ਮਨਜ਼ੂਰ ਕਰਵਾਇਆ ਹੈ। ਵਿਧਾਇਕ ਪਰਗਟ ਨੇ ਕਿਹਾ ਕਿ ਜਲੰਧਰ ਕੈਂਟ ਦੇ ਆਲੇ-ਦੁਆਲੇ 42 ਕਰੋੜ ਦੀ ਲਾਗਤ ਨਾਲ ਪੈਰੀ-ਫੇਰੀ ਰੋਡ ਬਣਾਉਣ 'ਤੇ ਵਰਕ ਚੱਲ ਰਿਹਾ ਹੈ ਅਤੇ ਆਰਮੀ ਤੋਂ ਜ਼ਮੀਨ ਦੀ ਅਦਲਾ-ਬਦਲੀ ਕਰਕੇ 10 ਮੀਟਰ ਚੌੜੀ ਸੜਕ ਬਣਾਈ ਜਾਵੇਗੀ। ਸਮਾਰਟ ਸਿਟੀ ਦੇ ਤਹਿਤ ਕੂਲ ਰੋਡ 'ਚ ਵਾਟਰ ਸਪਲਾਈ ਦੀ ਲੀਕੇਜ ਨੂੰ ਖਤਮ ਕਰਕੇ 70 ਲੱਖ ਰੁਪਏ ਨਾਲ ਸੜਕ ਬਣਾਈ ਜਾ ਰਹੀ ਹੈ। ਅਗਲੇ 3 ਸਾਲਾਂ 'ਚ ਗੜ੍ਹਾ ਡ੍ਰੇਨ ਨੂੰ ਅੰਡਰਗਰਾਊਂਡ  ਕਰਕੇ ਗੰਦਾ ਪਾਣੀ ਬਾਹਰ ਲਿਜਾਇਆ ਜਾਵੇਗਾ, ਜਿਸ 'ਤੇ 38 ਕਰੋੜ ਰੁਪਏ ਖਰਚ ਹੋਣਗੇ। 66 ਫੁੱਟੀ ਰੋਡ ਨੂੰ ਡਿਵੈੱਲਪ ਕੀਤਾ ਜਾ ਰਿਹਾ ਹੈ। ਖਾਲਸਾ ਕਾਲਜ ਵਿਚ 125 ਕਰੋੜ ਰੁਪਏ ਦੀ ਲਾਗਤ ਨਾਲ ਸਕਿੱਲ ਡਿਵੈੱਲਪਮੈਂਟ ਸੈਂਟਰ ਜਲਦੀ ਸ਼ੁਰੂ ਕਰਵਾਇਆ ਜਾਵੇਗਾ, ਜਿਸ ਨੂੰ ਲੈ ਕੇ ਐੱਮ. ਓ. ਯੂ. ਸਾਈਨ ਹੋ ਚੁੱਕਾ ਹੈ ਅਤੇ ਬਿਲ਼ਡਿੰਗ ਦੀ ਉਸਾਰੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ-ਨਕੋਦਰ ਰੇਲਵੇ ਟ੍ਰੈਕ ਦੇ ਨਾਲ ਲੱਗਦੀ ਬੱਸ ਸਟੈਂਡ ਤੋਂ ਲੈ ਕੇ ਜਮਸ਼ੇਰ ਤੱਕ ਦੀ ਜ਼ਮੀਨ 'ਤੇ ਸੁੰਦਰੀਕਰਨ ਕਰਵਾ ਕੇ ਉਥੇ ਸੈਰਗਾਹ ਤਿਆਰ ਕਰਵਾਈ ਜਾਵੇਗੀ।

shivani attri

This news is Content Editor shivani attri