ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਦਾ ਬੈਕਲਾਗ ਪੂਰਾ ਕਰਨ ਲਈ ਵਿਸ਼ੇਸ ਮੁਹਿੰਮ 20 ਜੁਲਾਈ ਤੋਂ

07/11/2023 3:28:10 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਇਸੇ ਤਹਿਤ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ 'ਚ ਸਿੱਧੀ ਭਰਤੀ ਅਤੇ ਪਦਉੱਨਤੀ ਕੋਟੇ 'ਚ ਬਣਦੇ ਬੈਕਲਾਗ ਨੂੰ ਪੁਰ ਕਰਨ ਲਈ ਪਹਿਲ ਦੇ ਆਧਾਰ 'ਤੇ ਇਕ ਵਿਸ਼ੇਸ਼ ਮੁਹਿੰਮ 20 ਜੁਲਾਈ ਤੋਂ 20 ਸਤੰਬਰ, 2023 ਤੱਕ ਚਲਾਈ ਜਾਵੇਗੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗਜਨਾਂ ਦੇ ਬੈਕਲਾਗ ਨੂੰ ਪਹਿਲ ਦੇ ਆਧਾਰ 'ਤੇ ਭਰਨ ਸਬੰਧੀ ਸੂਬਾ ਸਰਕਾਰ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ 32 ਵਿਭਾਗਾਂ ਵਲੋਂ ਇਸ ਸਬੰਧੀ ਸੂਚਨਾ ਉਪਲਬੱਧ ਕਰਵਾਈ ਗਈ ਹੈ ਅਤੇ ਸੂਚਨਾ ਦੇ ਅਧਾਰ ਤੇ ਕੁੱਲ 920 ਆਸਾਮੀਆਂ ਹਨ। ਇਸ 'ਚ ਸਿੱਧੀ ਭਰਤੀ ਅਤੇ ਤਰੱਕੀ ਰਾਹੀਂ ਭਰਨ ਲਈ ਆਸਾਮੀਆਂ ਦੀ ਗਿਣਤੀ ਸ਼ਾਮਲ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬਾਕੀ ਵਿਭਾਗਾਂ ਵਲੋਂ ਵੀ ਬੈਕਲਾਗ ਦੀ ਰਿਪੋਰਟ ਤੁਰੰਤ ਪ੍ਰਾਪਤ ਕਰਨ ਅਤੇ ਇਸ ਮੁਹਿੰਮ 'ਚ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਦਿਵਿਆਂਗਜਨਾ ਦੇ ਰੋਸਟਰ ਰਜਿਸਟਰ ਨੂੰ ਸਹੀ ਤਰੀਕੇ ਨਾਲ ਮੇਨਟੇਨ ਕਰਨ ਲਈ ਹਦਾਇਤ ਕੀਤੀ ਤਾਂ ਜੋ ਭਵਿੱਖ 'ਚ ਦਿਵਿਆਂਗ ਵਿਅਕਤੀਆਂ ਨੂੰ ਰਾਈਟਸ ਆਫ ਪਰਸਨਜ਼ ਵਿਦ ਡਿਸਇਬਲਟੀ ਐਕਟ, 2016 ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਸਿੱਧੀ ਭਰਤੀ ਅਤੇ ਤਰੱਕੀ ਦਾ ਲਾਭ ਮਿਲ ਸਕੇ।

ਉਨ੍ਹਾਂ ਨੇ ਵਿਭਾਗ ਨੂੰ ਇਸ ਸਬੰਧੀ ਵਰਕਸ਼ਾਪ ਆਯੋਜਿਤ ਕਰਕੇ ਮਾਸਟਰ ਟਰੇਨਰ ਤਿਆਰ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਟਰੇਨਰ ਮੁੱਖ ਦਫ਼ਤਰਾਂ ਅਤੇ ਖੇਤਰੀ ਦਫ਼ਤਰਾਂ 'ਚ ਦਿਵਿਆਗਜਨਾਂ ਦੇ ਰੋਸਟਰ ਰਜਿਸਟਰ ਸਹੀ ਤਰੀਕੇ ਨਾਲ ਤਿਆਰ ਕਰਵਾਉਣ ਲਈ ਹਰ ਪੱਧਰ ਤੇ ਟ੍ਰੇਨਿੰਗ ਦੇ ਕੇ ਭਵਿੱਖ 'ਚ ਦਿਵਿਆਂਗ ਕੋਟੇ ਦੇ ਅਸਾਮੀ ਰੋਸਟਰ ਰਜਿਸਟਰ ਹਦਾਇਤਾਂ ਅਨੁਸਾਰ ਤਿਆਰ ਕਰਨਾ ਯਕੀਨੀ ਬਣਾਉਣ।

Babita

This news is Content Editor Babita