ਪੰਜਾਬ ਹਡ਼੍ਹ : ਸਿਰਫ਼ 8 ਪਿੰਡਾਂ ਨੂੰ ਛੱਡ ਕੇ ਬਾਕੀਆਂ ਦੀ ਬਿਜਲੀ ਬਹਾਲ

08/28/2019 1:52:18 PM

ਪਟਿਆਲਾ (ਪਰਮੀਤ) : ਪੰਜਾਬ ’ਚ ਆਏ ਹੜ੍ਹਾਂ ਮਗਰੋਂ ਜਲੰਧਰ ਜ਼ਿਲੇ ’ਚ ਹੁਣ 8 ਪਿੰਡ ਹੀ ਬਾਕੀ ਹਨ, ਜਿਥੇ ਅਜੇ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ। ਪਾਵਰਕਾਮ ਦਾ ਕਹਿਣਾ ਹੈ ਕਿ ਜਿਉਂ-ਜਿਉਂ ਹੜ੍ਹਾਂ ਦਾ ਪਾਣੀ ਉੱਤਰ ਰਿਹਾ ਹੈ, ਤੁਰੰਤ ਪਿੰਡਾਂ ’ਚ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜਲੰਧਰ ਅਤੇ ਰੋਪਡ਼ ਜ਼ਿਲਿਆਂ ਦੇ 50 ਪਿੰਡਾਂ ’ਚ ਹੜ੍ਹਾਂ ਦੀ ਨੌਬਤ ’ਚ ਬਿਜਲੀ ਸਪਲਾਈ ਬੰਦ ਕਰਨੀ ਪਈ ਸੀ। ਪਾਵਰਕਾਮ ਮੁੱਖ ਦਫ਼ਤਰ ਤੋਂ ਇਕੱਤਰ ਜਾਣਕਾਰੀ ਮੁਤਾਬਕ ਹੜ੍ਹਾਂ ਕਾਰਣ ਜਲੰਧਰ ਜ਼ਿਲੇ ਦੇ 28 ਪਿੰਡ ਜਦੋਂ ਕਿ ਰੋਪਡ਼ ਜ਼ਿਲੇ ਦੇ 22 ਪਿੰਡਾਂ ’ਚ ਇਹਤਿਆਤ ਵਜੋਂ ਬਿਜਲੀ ਸਪਲਾਈ ਬੰਦ ਕਰਨੀ ਪਈ ਸੀ।

ਹੜ੍ਹਾਂ ਦੀ ਸਥਿਤੀ ਸੁਧਰਨ ਮਗਰੋਂ ਰੋਪਡ਼ ਜ਼ਿਲੇ ਅੰਦਰ 25 ਅਗਸਤ ਤੱਕ ਸਾਰੇ ਬੰਦ ਪਏ ਪਿੰਡਾਂ ’ਚ ਸਪਲਾਈ ਬਹਾਲ ਕਰ ਦਿੱਤੀ ਗਈ ਸੀ, ਜਦੋਂ ਕਿ ਜਲੰਧਰ ਜ਼ਿਲੇ ਦੇ ਸ਼ਾਹਕੋਟ ਖੇਤਰ ਨਾਲ ਸਬੰਧਤ 8 ਪਿੰਡ ਹਾਲੇ ਵੀ ਅਜਿਹੇ ਹਨ, ਜਿਥੇ ਬਿਜਲੀ ਸਪਲਾਈ ਬਹਾਲ ਨਹੀ ਕੀਤੀ ਜਾ ਸਕੀ। ਪਾਵਰਕਾਮ ਦੇ ਸੀ. ਐੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀ ਅਤੇ ਹੋਰ ਅਮਲਾ ਬਿਜਲੀ ਸਪਲਾਈ ਦੀ ਬਹਾਲੀ ਲਈ ਸਿਰਤੋਡ਼ ਕੋਸ਼ਿਸ਼ਾਂ ’ਚ ਹੈ। ਜਿਉਂ ਹੀ ਪਾਣੀ ਦਾ ਪੱਧਰ ਹੇਠਾਂ ਆਉਂਦਾ ਹੈ, ਜਲੰਧਰ ਜ਼ਿਲੇ ਦੇ ਬਚੇ 8 ਪਿੰਡਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ। ਸੀ. ਐੱਮ. ਡੀ. ਨੇ ਦੱਸਿਆ ਕਿ ਹਡ਼੍ਹ-ਪੀਡ਼ਤ ਪਿੰਡ ਵਾਲਿਆਂ ਦੀ ਰਜ਼ਾਮੰਦੀ ਹੇਠ ਹੀ ਬਿਜਲੀ ਬੰਦ ਕੀਤੀ ਹੋਈ ਹੈ ਤਾਂ ਕਿ ਕੋਈ ਨੁਕਸਾਨ ਨਾ ਹੋਵੇ।
 

Anuradha

This news is Content Editor Anuradha