ਪੰਜਾਬ ਦਾ ਕਿਸਾਨ ਝੋਨਾ ਵੇਚਣ ਹਰਿਆਣਾ ਤੇ ਇਲਾਜ ਲਈ ਜਾ ਰਿਹੈ ਦਿੱਲੀ : ਭਗਵੰਤ ਮਾਨ

10/31/2019 1:40:44 AM

ਸੰਗਰੂਰ/ਸ਼ੇਰਪੁਰ,(ਸਿੰਗਲਾ): ਦੇਸ਼ ਦਾ ਅੰਨਦਾਤਾ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਨੂੰ ਮੰਡੀਆਂ 'ਚ ਵੇਚਣ ਲਈ 10-15 ਦਿਨਾਂ ਤੱਕ ਬੈਠਾ ਬੋਲੀ ਦੀ ਉਡੀਕ ਕਰ ਰਿਹਾ ਹੈ ਪਰ ਸਰਕਾਰ ਦਾ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ, ਜਿਸ ਕਰਕੇ ਵੱਡੀ ਗਿਣਤੀ ਕਿਸਾਨ ਆਪਣੀ ਫਸਲ ਹਰਿਆਣੇ 'ਚ ਵੇਚਣ ਲਈ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ ਆਪ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੀਆਂ ਫਸਲਾਂ ਨਹੀਂ ਵਿਕ ਰਹੀਆਂ ਅਤੇ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ, ਜਿਸ ਕਰਕੇ ਲੋਕ ਆਪਣਾ ਇਲਾਜ ਕਰਵਾਉਣ ਲਈ ਦਿੱਲੀ ਜਾ ਰਹੇ ਹਨ। ਜੇਕਰ ਪੰਜਾਬ ਦਾ ਕਿਸਾਨ ਝੋਨਾ ਵੇਚਣ ਹਰਿਆਣਾ ਅਤੇ ਇਲਾਜ ਕਰਵਾਉਣ ਲਈ ਦਿੱਲੀ ਜਾ ਰਿਹਾ ਹੈ ਤਾਂ ਕਾਂਗਰਸ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਲਈ ਕੀ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਮੌਸਮ ਇਨ੍ਹੀਂ ਦਿਨੀਂ ਠੰਡ (ਤਰੇਲ) ਵਾਲਾ ਹੋਣ ਕਰਕੇ ਝੋਨੇ ਦੀ ਨਮੀ 'ਚ ਵਾਧਾ ਹੋਣਾ ਸੁਭਾਵਿਕ ਹੈ। ਜੇਕਰ ਕਿਸਾਨ 17 ਫੀਸਦੀ ਵਾਲਾ ਝੋਨਾ ਲੈ ਕੇ ਮੰਡੀ 'ਚ ਆਉਂਦਾ ਹੈ ਤਾਂ ਤਰੇਲ ਪੈਣ ਕਰਕੇ ਉਸ ਦੀ ਨਮੀ 18 ਤੋਂ 20 ਹੋ ਜਾਂਦੀ ਹੈ। ਇਸ ਵਿਚ ਕਿਸਾਨ ਦਾ ਕੋਈ ਕਸੂਰ ਨਹੀਂ ਪਰ ਵੱਧ ਨਮੀ ਦੀ ਸਜ਼ਾ ਕਿਸਾਨ ਨੂੰ ਭੁਗਤਣੀ ਪੈ ਰਹੀ ਹੈ ਜਦਕਿ ਹਰਿਆਣਾ 'ਚ 20 ਤੋਂ 23 ਫੀਸਦੀ ਤੱਕ ਦਾ ਝੋਨਾ ਵੀ ਖਰੀਦਿਆ ਜਾ ਰਿਹਾ ਹੈ। ਜੇਕਰ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੁਆਮੀ ਨਾਥਨ ਦੀ ਰਿਪੋਰਟ ਬਰਾਬਰ ਫਸਲਾਂ ਦੇ ਭਾਅ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਚੰਗੇ ਭਾਅ ਕਿਉਂ ਨਹੀਂ ਦੇ ਸਕਦੀ। ਮਾਨ ਨੇ ਦੱਸਿਆ ਕਿ ਦਿੱਲੀ ਵਿਚ ਇਕ ਕਿੱਲੇ ਮਗਰ ਕਿਸਾਨ ਨੂੰ 25 ਤੋਂ 30 ਹਜ਼ਾਰ ਤੱਕ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵੱਧ ਰੇਟ ਮਿਲ ਰਿਹਾ ਹੈ। ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ 'ਤੇ ਕਿਸਾਨ ਦੇ ਖਿਲਾਫ ਕਾਰਵਾਈ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਦੂਜੀਆਂ ਫਸਲਾਂ ਦੇ ਵਧੀਆ ਭਾਅ ਅਤੇ ਚੰਗਾ ਮੰਡੀਕਰਨ ਦਿੱਤਾ ਜਾਵੇ ਤਾਂ ਕਿਸਾਨ ਬਦਲਵੀ ਫਸਲ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੌਲ ਵੱਡੀ ਮਾਤਰਾ 'ਚ ਦੇਸ਼ ਦੇ ਅੰਨ ਭੰਡਾਰ ਵਿਚ ਜਾਂਦਾ ਹੈ ਜਦਕਿ ਕਿਸਾਨਾਂ ਦੀ ਇਹ ਫਸਲ ਉਨ੍ਹਾਂ ਦੀ ਵਰਤੋਂ ਵਿਚ ਨਾ-ਮਾਤਰ ਆਉਂਦੀ ਹੈ।