''ਆਪ'' ਨੇ ਕੀਤੀ ਚੋਣਾਂ ''ਚ ਸ਼ਰਾਬ ਤੇ ਪੈਸੇ ਵੰਡਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ

02/07/2017 5:31:56 PM

ਫਰੀਦਕੋਟ(ਹਾਲੀ)— ਵਿਧਾਨ ਸਭਾ ਚੋਣਾਂ ''ਚ ਸਿਆਸੀ ਪਾਰਟੀਆਂ ਵੱਲੋਂ ਕਥਿਤ ਤੌਰ ''ਤੇ ਸ਼ਰਾਬ ਅਤੇ ਪੈਸੇ ਵੰਡਣ ਦੇ ਮਾਮਲੇ ''ਚ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ''ਆਪ'' ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਇਥੇ ਆਪਣੇ ਚੋਣ ਦਫਤਰ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੋਟਬੰਦੀ ਦੇ ਬਾਵਜੂਦ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਫਰੀਦਕੋਟ ਵਿਧਾਨ ਸਭਾ ਹਲਕੇ ''ਚ 8 ਕਰੋੜ ਰੁਪਏ ਵੋਟਰਾਂ ਨੂੰ ਵੰਡੇ ਗਏ ਹਨ। ਇਸ ਤੋਂ ਇਲਾਵਾ 16 ਹਜ਼ਾਰ ਪੇਟੀਆਂ ਸ਼ਰਾਬ ਦੀਆਂ ਵੀ ਵੰਡੀਆਂ ਗਈਆਂ ਹਨ ਤਾਂ ਜੋ ਵੋਟਰਾਂ ਨੂੰ ਲਾਲਚ ਦੇ ਕੇ ਵੋਟਾਂ ਹਾਸਲ ਕੀਤੀਆਂ ਜਾ ਸਕਣ। ਸੇਖੋਂ ਨੇ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਸੇਖੋਂ ਨੇ ਕਿਹਾ ਕਿ ਨਸ਼ੇ ਅਤੇ ਸ਼ਰਾਬ ਵੰਡਣ ਬਾਰੇ ਬਕਾਇਦਾ ਤੌਰ ''ਤੇ ਚੋਣ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਸਨ ਪਰ ਇਸ ਸ਼ਿਕਾਇਤ ''ਤੇ ਸਮੇਂ ਸਿਰ ਕੋਈ ਕਾਰਵਾਈ ਨਹੀਂ ਹੋਈ। ''ਆਪ'' ਦੇ ਉਮੀਦਵਾਰ ਨੇ ਕਿਹਾ ਕਿ ਸ਼ਰਾਬ ਵੰਡਣ ਬਾਰੇ ਬਕਾਇਦਾ ਤੌਰ ''ਤੇ ਸਟਿੰਗ ਆਪਰੇਸ਼ਨ ਹੋਇਆ, ਜਿਸ ''ਚ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਰਾਬ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਖਤਾ ਸਬੂਤ ਹੋਣ ਦੇ ਬਾਵਜੂਦ ਕਸੂਰਵਾਰਾਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ''ਆਪ'' ਦੇ ਆਗੂਆਂ ਨੇ ਕਿਹਾ ਕਿ ਨੋਟਬੰਦੀ ਦੀ ਮਾਰ ਆਮ ਲੋਕਾਂ ਨੂੰ ਪਈ ਹੈ ਜਦੋਂ ਕਿ ਪ੍ਰਮੁੱਖ ਸਿਆਸੀ ਪਾਰਟੀਆਂ ਕੋਲ ਨਕਦੀ ਪੈਸੇ ਦੀ ਕੋਈ ਕਮੀ ਨਹੀਂ ਅਤੇ ਇਨ੍ਹਾਂ ਪਾਰਟੀਆਂ ਨੇ ਚੋਣਾਂ ''ਚ ਪੈਸੇ ਦੀ ਖੁੱਲ੍ਹੇ ਕੇ ਵੰਡ ਕੀਤੀ। ਇਸ ਮੌਕੇ ਰਵਿੰਦਰ ਸਿੰਘ ਬੁਗਰਾ, ਗੁਰਤੇਜ ਸਿੰਘ ਖੋਸਾ, ਸ਼ਵਿੰਦਰਪਾਲ ਸਿੰਘ ਸੰਧੂ, ਅਨਮੋਲ ਸਿੰਘ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।