CM ਮਾਨ ਦਾ ਸੁਖਬੀਰ ਨੂੰ ਫਿਰ ਠੋਕਵਾਂ ਜਵਾਬ, 'ਮੈਂ ਘਰਾਂ 'ਚ ਚਿੱਟੇ ਕਾਰਨ ਸੱਥਰ ਨਹੀਂ ਵਿੱਛਣ ਦਿੱਤੇ' (ਵੀਡੀਓ)

06/17/2023 12:40:52 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਵੱਖ-ਵੱਖ ਵਿਭਾਗਾਂ ਦੇ 419 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਉਨ੍ਹਾਂ ਨੇ ਇਸ ਦੌਰਾਨ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਮਿਹਨਤ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਸੀਂ ਜਿੰਨੇ ਵੀ ਨੌਜਵਾਨਾਂ ਨੂੰ ਨੌਕਰੀ ਦੇ ਰਹੇ ਹਾਂ, ਉਨ੍ਹਾਂ ਨੂੰ ਕੋਰਟ-ਕਚਹਿਰੀਆਂ ਦੇ ਧੱਕੇ ਨਹੀਂ ਖਾਣੇ ਪੈ ਰਹੇ ਕਿਉਂਕਿ ਅਸੀਂ ਕਾਨੂੰਨੀ ਪਹਿਲ ਵਿਚਾਰ ਕੇ ਹੀ ਭਰਤੀਆਂ ਕਰ ਰਹੇ ਹਾਂ ਅਤੇ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਾਡੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਨੀਅਤ ਚੰਗੀ ਹੈ ਅਤੇ ਹੁਣ ਤੱਕ ਅਸੀਂ 29 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। ਜਿੰਨੇ ਵੀ ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ, ਉਨ੍ਹਾਂ ਸਭ ਨੇ ਆਪਣੀ ਕਿਸਮਤ ਆਪ ਲਿਖੀ ਹੈ ਅਤੇ ਮਿਹਨਤ ਕੀਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲਾ : 'ਡਾਕੂ ਹਸੀਨਾ' ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਹਰ ਕੋਈ ਰਹਿ ਜਾਵੇਗਾ ਹੈਰਾਨ

ਮੁੱਖ ਮੰਤਰੀ ਨੇ ਕਿਹਾ ਕਿ ਦਫ਼ਤਰਾਂ 'ਚ ਵੀ ਵਧੀਆ ਮਾਹੌਲ ਹੋਣਾ ਚਾਹੀਦਾ ਹੈ ਤਾਂ ਜੋ ਹਰ ਮੁਲਾਜ਼ਮ ਆਪਣੇ ਮਾਲਕ ਨਾਲ ਸਹਿਜ ਤਰੀਕੇ ਨਾਲ ਗੱਲ ਕਰ ਸਕੇ। ਕਚਿਹਰੀਆਂ ਦੇ ਚੱਕਰ ਮਾਰਦਿਆਂ ਹੁਣ ਤੱਕ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਹਨ ਅਤੇ ਜਦੋਂ ਤੱਕ ਉਹ ਰਿਸ਼ਵਤ ਨਹੀਂ ਦਿੰਦੇ ਸਨ, ਉਨ੍ਹਾਂ ਦਾ ਕੰਮ ਨਹੀਂ ਹੁੰਦਾ ਸੀ ਪਰ ਹੁਣ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਸਰਕਾਰੀ ਨੌਕਰੀ ਬੜੇ ਪਾਰਦਰਸ਼ੀ ਢੰਗ ਨਾਲ ਦਿੱਤੀ ਜਾ ਰਹੀ ਹੈ, ਜਿਸ 'ਚ ਕਿਸੇ ਦੀ ਵੀ ਕੋਈ ਸਿਫ਼ਾਰਿਸ਼ ਨਹੀਂ ਚੱਲਦੀ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ 'ਚ ਕਮਾਈਆਂ ਬਹੁਤ ਔਖੀਆਂ ਹਨ ਕਿਉਂਕਿ ਪੈਸੇ ਦਰੱਖਤਾਂ ਨੂੰ ਨਹੀਂ ਲੱਗਦੇ, ਇਸ ਤੋਂ ਚੰਗਾ ਹੈ ਕਿ ਨੌਜਵਾਨ ਇੱਥੇ ਹੀ ਆਪਣਾ ਕੋਈ ਨਾ ਕੋਈ ਕੰਮ ਕਰਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਪੰਜਾਬ ਦੇ ਹੱਕ 'ਚ ਖੜ੍ਹੀ ਰਹੇਗੀ ਅਤੇ ਜੇਕਰ ਮੈਂ ਇਕ ਦਿਨ 'ਚ 2-3 ਪ੍ਰੋਗਰਾਮ ਨਾ ਕਰਾਂ ਤਾਂ ਮੈਨੂੰ ਚੰਗਾ ਨਹੀਂ ਲੱਗਦਾ। ਇਸ ਮੌਕੇ ਉਨ੍ਹਾਂ ਨੇ ਵਿਰੋਧੀਆਂ 'ਤੇ ਵੀ ਨਿਸ਼ਾਨੇ ਲਾਏ।

ਇਹ ਵੀ ਪੜ੍ਹੋ : ਲੁਧਿਆਣਾ 'ਚ ਨਿਹੰਗ ਸਿੰਘ ਦੇ ਕਤਲ ਦਾ ਸੱਚ ਆਇਆ ਸਾਹਮਣੇ, ਭੈਣ ਨੂੰ ਛੇੜਨ 'ਤੇ ਸ਼ੁਰੂ ਹੋਇਆ ਸੀ ਝਗੜਾ
ਸੁਖਬੀਰ ਨੂੰ 'ਪਾਗਲ' ਵਾਲੇ ਬਿਆਨ ਦਾ ਫਿਰ ਦਿੱਤਾ ਠੋਕਵਾਂ ਜਵਾਬ
ਉਨ੍ਹਾਂ ਨੇ ਸੁਖਬੀਰ ਬਾਦਲ ਵੱਲੋਂ 'ਪਾਗਲ' ਕਹਿਣ ਵਾਲੇ ਬਿਆਨ 'ਤੇ ਇਕ ਵਾਰ ਮੁੜ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਕਹਿੰਦੇ ਸੀ ਕਿ ਪੰਜਾਬ 'ਚ ਸਿਰਫ ਤਿੰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ ਅਤੇ ਬਰਨਾਲਾ ਸਾਹਿਬ ਹੋਏ ਹਨ, ਜਦੋਂ ਕਿ ਉਨ੍ਹਾਂ ਨੇ ਰਾਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਕੈਰੋਂ, ਹਰਚਰਨ ਬਰਾੜ ਦਾ ਨਾਂ ਤੱਕ ਨਹੀਂ ਲਿਆ। ਉੁਨ੍ਹਾਂ ਕਿਹਾ ਕਿ ਕੀ ਕਰੀਏ ਸੁਖਬੀਰ ਬਾਦਲ ਨੇ ਤਾਂ ਕੈਮਰਿਆਂ ਮੂਹਰੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕਈ ਵਾਰ ਪਿਤਾ ਸਾਮਾਨ ਕਹਿ ਦਿੱਤਾ ਹੈ ਅਤੇ ਦਫ਼ਤਰਾਂ ਦੇ ਸਮੇਂ ਬਦਲਣ ਬਾਰੇ ਵੀ ਸੁਖਬੀਰ ਨੇ ਕਿਹਾ ਸੀ ਕਿ ਸਾਢੇ 2 ਵਜੇ ਹੁਣ ਘਰ ਦੀਆਂ ਔਰਤਾਂ ਉੱਠਿਆ ਕਰਨਗੀਆਂ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਚੁੱਕੀ ਸਾਰੀ ਜ਼ਿੰਮੇਵਾਰੀ

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਨੂੰ ਢਾਈ ਦਾ ਨਹੀਂ ਪਤਾ, ਸਗੋਂ ਉਨ੍ਹਾਂ ਲਈ ਇਹ ਸਾਢੇ 2 ਹੈ ਕਿਉਂਕਿ ਉਹ ਸਰਕਾਰੀ ਸਕੂਲ 'ਚ ਨਹੀਂ ਪੜ੍ਹੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਆਪਣੇ ਫ਼ੈਸਲੇ ਆਪ ਲੈਣ ਦੇ ਕਾਬਲ ਹੁੰਦੇ ਹਨ ਪਰ ਇਨ੍ਹਾਂ ਲੋਕਾਂ 'ਚ ਇਹ ਬਿਲਕੁਲ ਵੀ ਨਹੀਂ ਹੈ। ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਪਾਗਲ ਹਾਂ ਕਿਉਂਕਿ ਕਦੇ ਢਾਬਿਆਂ ਦੇ ਮਾਫ਼ੀਆ 'ਚ ਹਿੱਸਾ ਨਹੀਂ ਪਾਇਆ, ਰੇਤ ਦੇ ਮਾਫ਼ੀਏ 'ਚ ਹਿੱਸਾ ਨਹੀਂ ਪਾਇਆ, ਚਿੱਟੇ ਕਾਰਨ ਲੋਕਾਂ ਦੇ ਘਰਾਂ 'ਚ ਸੱਥਰ ਨਹੀਂ ਵਿੱਛਣ ਦਿੱਤੇ। ਉਨ੍ਹਾਂ ਕਿਹਾ ਕਿ ਮੈਨੂੰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਪਾਗਲਪਨ ਹੈ, ਸਿੱਖਿਆ 'ਚ ਸੁਧਾਰ ਲਿਆਉਣ ਦਾ ਪਾਗਲਪਨ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਮੈਨੂੰ ਸਟੇਜਾਂ ਵਾਲਾ ਕਹਿੰਦੇ ਹਨ ਪਰ ਇਹ ਕੋਈ ਗੈਰ-ਕਾਨੂੰਨੀ ਕੰਮ ਨਹੀਂ ਹੈ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਵੱਧਣ ਅਤੇ ਤਰੱਕੀਆਂ ਦੇ ਰਾਹ 'ਤੇ ਚੱਲਣ ਦਾ ਸੱਦਾ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita