ਜ਼ਿਮਨੀ ਚੋਣਾਂ : ਪੰਜਾਬ ਦੇ 4 ਹਲਕਿਆਂ ਲਈ ਮੈਦਾਨ ’ਚ 54 ਉਮੀਦਵਾਰ

09/30/2019 11:35:42 PM

ਚੰਡੀਗੜ੍ਹ (ਭੁੱਲਰ)- ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਉਪ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦਾ ਕੰਮ ਸਮਾਪਤ ਹੋ ਗਿਆ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁੱਲ 54 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ ਹਨ। ਨਾਮਜ਼ਦਗੀ ਦਾਖਲ ਕਰਨ ਵਾਲੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ’ਚ ਹਲਕਾ ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਆਂਵਲਾ, ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰ, ਦਾਖਾ ਤੋਂ ਕਾਂਗਰਸ ਦੇ ਕੈ. ਸੰਦੀਪ ਸੰਧੂ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਲੋਕ ਇਨਸਾਫ਼ ਪਾਰਟੀ ਦੇ ਸੁਖਦੇਵ ਸਿੰਘ, ਮੁਕੇਰੀਆਂ ਤੋਂ ਕਾਂਗਰਸ ਦੀ ਇੰਦੂ ਬਾਲਾ, ਭਾਜਪਾ ਦੇ ਜੰਗੀ ਰਾਮ ਮਹਾਜਨ, ਬਾਗੀ ਭਾਜਪਾ ਉਮੀਦਵਾਰ ਅਰੁਨੇਸ਼ ਸ਼ਾਕਰ, ਫਗਵਾੜਾ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਦੇ ਰਾਜੇਸ਼ ਬਾਘਾ, ਲੋਕ ਇਨਸਾਫ਼ ਪਾਰਟੀ ਦੇ ਜਰਨੈਲ ਨੰਗਲ ਦੇ ਨਾਂ ਜ਼ਿਕਰਯੋਗ ਹਨ।

ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਹੋਈਆਂ ਕੁੱਲ ਨਾਮਜ਼ਦਗੀਆਂ ਦੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਲਈ 16 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇੇ ਜਦਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਲਈ 11 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਹਲਕਾ ਦਾਖਾ ਲਈ 11 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤਰ੍ਹਾਂ ਦਾਖਾ ਹਲਕੇ ਲਈ ਕੁਲ 16 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਹਲਕਾ ਜਲਾਲਾਬਾਦ ਲਈ ਅੱਜ 10 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ, ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਪਹਿਲੇ ਦਿਨਾਂ ਦੌਰਾਨ 1 ਨਾਮਜ਼ਦਗੀ ਪੱਤਰ ਪਹਿਲ਼ਾਂ ਦਾਖਲ ਹੋਇਆ ਸੀ। ਇਸ ਤਰ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਲਈ ਕੁਲ 54 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਨਾਮਜ਼ਦਗੀ ਪੱਤਰਾਂ ਦੀ 1 ਅਕਤੂਬਰ ਨੂੰ ਪੜਤਾਲ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 3 ਅਕਤੂਬਰ ਹੈ।

Arun chopra

This news is Content Editor Arun chopra