ਪੰਜਾਬ ਦੇ ਖਜ਼ਾਨੇ 'ਤੇ ਭਾਰੀ ਦਿੱਲੀ, ਪ੍ਰਾਈਵੇਟ ਬੱਸਾਂ ਦੀ ਹੋਣ ਲੱਗੀ ਚਾਂਦੀ!

11/29/2018 8:47:50 AM

ਪਟਿਆਲਾ— ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਸਰਕਾਰੀ ਟਰਾਂਸਪੋਰਟ ਤੋਂ ਹੋਣ ਵਾਲੀ ਕਮਾਈ 'ਤੇ ਆਉਣ ਵਾਲੇ ਸਮੇਂ 'ਚ ਵੱਡੀ ਮਾਰ ਝੱਲਣੀ ਪੈ ਸਕਦੀ ਹੈ। ਹੁਣ ਤਕ ਤਾਂ ਪੰਜਾਬ ਸਰਕਾਰ ਦੀਆਂ ਬੱਸਾਂ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਏਅਰਪੋਰਟ 'ਤੇ ਜਾਣ 'ਤੇ ਹੀ ਪਾਬੰਦੀ ਲੱਗੀ ਹੈ ਪਰ ਜੇਕਰ ਸਰਕਾਰ ਨੇ ਜਲਦ ਗੰਭੀਰਤਾ ਨਾ ਦਿਖਾਈ, ਤਾਂ ਦਿੱਲੀ ਸਰਕਾਰ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਕਿਸੇ ਵੀ ਸਮੇਂ ਦਿੱਲੀ 'ਚ ਦਾਖਲਾ ਰੋਕ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ ਪੰਜ ਦਰਜਨ ਦੇ ਕਰੀਬ ਬੱਸਾਂ ਡੇਢ ਦਹਾਕੇ ਤੋਂ ਬਿਨਾਂ ਕਿਸੇ ਸਮਝੌਤੇ ਤੋਂ ਹੀ ਰੋਜ਼ਾਨਾ ਦਿੱਲੀ ਜਾ ਰਹੀਆਂ ਹਨ। ਪੰਜਾਬ ਸਰਕਾਰ ਨੂੰ ਇਸ ਮੁਸ਼ਕਲ ਤੋਂ ਬਚਣ ਲਈ ਜਲਦ ਕੋਈ ਕਦਮ ਚੁੱਕਣਾ ਹੋਵੇਗਾ।

ਹਾਲ ਹੀ 'ਚ ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਕਈ ਬੱਸਾਂ ਦੇ ਚਲਾਨ ਕਰਦਿਆਂ, ਏਅਰਪੋਰਟ 'ਤੇ ਦਾਖਲ ਹੋਣ ਸਬੰਧੀ ਰੋਕ ਇਸੇ ਕੜੀ ਵਜੋਂ ਹੀ ਲਾਈ ਹੈ।ਇਸ ਕਾਰਨ ਨਾ ਸਿਰਫ ਯਾਤਰੀ ਸਗੋਂ ਪੰਜਾਬ ਸਰਕਾਰ ਵੀ ਵਿੱਤੀ ਨੁਕਸਾਨ ਝੱਲ ਰਹੀ ਹੈ, ਜਦੋਂ ਕਿ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੀਆਂ ਮੌਜਾਂ ਹੋ ਗਈਆਂ ਹਨ। ਇਕ-ਦੂਜੇ ਦੇ ਰਾਜ 'ਚ ਬੱਸਾਂ ਚਲਾਉਣ ਸੰਬੰਧੀ ਪੰਜਾਬ ਅਤੇ ਦਿੱਲੀ ਸਰਕਾਰਾਂ ਦਰਮਿਆਨ ਆਪਸੀ ਸਮਝੌਤਾ ਆਖਰੀ ਵਾਰ 2001 'ਚ ਹੋਇਆ ਸੀ, ਜੋ ਕੁਝ ਸਾਲਾਂ ਬਾਅਦ ਰੀਨਿਊ ਹੋਣਾ ਸੀ ਪਰ ਅਜਿਹਾ ਨਾ ਹੋਣ ਕਾਰਨ ਸਮਝੌਤੇ ਦਾ ਕੋਈ ਮਤਲਬ ਨਹੀਂ ਰਿਹਾ। ਇਸ ਕਰਕੇ ਦਿੱਲੀ ਸਰਕਾਰ ਇਨ੍ਹਾਂ ਬੱਸਾਂ ਦੇ ਦਿੱਲੀ ਵੜਨ 'ਤੇ ਰੋਕ ਲਾਉਣ ਦਾ ਵੀ ਅਧਿਕਾਰ ਰੱਖਦੀ ਹੈ। ਜੇਕਰ ਕੇਜਰੀਵਾਲ ਸਰਕਾਰ ਇਹ ਕਦਮ ਉਠਾਉਂਦੀ ਹੈ ਤਾਂ ਪੰਜਾਬ ਦੇ ਖਜ਼ਾਨੇ ਨੂੰ ਮਾਲੀ ਨੁਕਸਾਨ ਝੱਲਣਾ ਪਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਲਗਜ਼ਰੀ ਬੱਸਾਂ ਦੇ ਦਿੱਲੀ ਹਵਾਈ ਅੱਡੇ ਜਾਣ 'ਤੇ ਪਾਬੰਦੀ ਕਾਰਨ ਪ੍ਰਾਈਵੇਟ ਬੱਸਾਂ ਦੀ ਚਾਂਦੀ ਹੋਣ ਲੱਗੀ ਹੈ। ਲੋਕਾਂ ਨੂੰ ਮਜਬੂਰੀ 'ਚ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਦੇ ਹੀ ਮਹਿੰਗੇ ਝੂਟੇ ਲੈਣੇ ਪੈ ਰਹੇ ਹਨ।