ਪੰਜਾਬ ਦੇ ਆਉਣ ਵਾਲੇ ਬਜਟ ਸੈਸ਼ਨ ਨੂੰ ਲੈ ਕੇ ''ਆਪ'' ਦੀ ਤਿਆਰੀ ਸ਼ੁਰੂ

02/13/2020 8:33:40 PM

ਜਲੰਧਰ,(ਓਬਰਾਏ) : ਪੰਜਾਬ ਦੇ ਆਉਣ ਵਾਲੇ ਬਜਟ ਸੈਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿਸ 'ਚ ਅਵਾਰਾ ਪਸ਼ੂਆਂ ਦੇ ਮੁੱਦੇ 'ਤੇ 'ਆਪ' ਪਾਰਟੀ ਸਰਕਾਰ ਨੂੰ ਘੇਰਨ ਵਾਲੀ ਹੈ। ਜਿਸ ਦੇ ਚੱਲਦੇ ਆਪ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਦੋ ਵਿਧਾਇਕਾਂ ਨੂੰ ਨਾਲ ਲੈ ਕੇ ਪੰਜਾਬ ਵਿਧਾਨਸਭਾ ਸਪੀਕਰ ਨਾਲ ਮਿਲੇ।

ਆਪ ਪਾਰਟੀ ਦੇ ਵਫਦ ਨੇ ਪੰਜਾਬ ਵਿਧਾਨਸਭਾ ਸਪੀਕਰ ਨਾਲ ਮੁਲਾਕਾਤ ਕੀਤੀ, ਜਿਸ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਅਸੀਂ ਸਪੀਕਰ ਨੂੰ ਪ੍ਰਾਈਵੇਟ ਰਿਲੇਸ਼ਨ ਬਿੱਲ ਦਿੱਤਾ ਹੈ ਤਾਂ ਜੋ ਸੈਸ਼ਨ 'ਚ ਚਰਚਾ ਹੋ ਸਕੇ। ਕਿਉਂਕਿ ਅੱਜ ਪੰਜਾਬ 'ਚ ਅਵਾਰਾ ਪਸ਼ੂ ਇਕ ਵੱਡੀ ਸਮੱਸਿਆ ਬਣ ਚੁਕੇ ਹਨ, ਜੋ ਕਿ ਦੁਰਘਟਨਾ ਦਾ ਕਾਰਣ ਬਣਦੇ ਹਨ ਅਤੇ ਕਿਸਾਨਾਂ ਲਈ ਵੀ ਪਰੇਸ਼ਾਨੀ ਬਣੇ ਹੋਏ ਹਨ। ਅਮਨ ਅਰੋੜਾ ਨੇ ਕਿਹਾ ਕਿ ਇਸ ਮੁੱਦੇ ਨੂੰ ਕੁੱਝ ਲੋਕ ਧਾਰਮਿਕ ਮੁੱਦੇ ਦੇ ਨਾਲ ਜੋੜਦੇ ਹਨ। ਜਿਸ ਦੀ ਜੇਕਰ ਗੱਲ ਕਰੀਏ ਤਾਂ ਇਕ ਰਿਪੋਰਟ ਮੁਤਾਬਕ ਅਵਾਰਾਂ ਪਸ਼ੂਆਂ ਦੀ ਸਮੱਸਿਆ ਸੜਕਾਂ 'ਤੇ ਵੱਡੀ ਸਮੱਸਿਆ ਬਣ ਜਾਵੇਗੀ। ਜਿਸ ਨੂੰ ਰੋਕਣ ਲਈ ਭਾਰੀ ਬਜਟ ਚਾਹੀਦਾ ਹੋਵੇਗਾ ਜੋ ਸ਼ਾਇਦ ਹੀ ਸਰਕਾਰਾਂ ਕੋਲ ਹੋਵੇਗਾ।

ਅਰੋੜਾ ਨੇ ਕਿਹਾ ਕਿ ਇਕ ਕਮੇਟੀ ਇਸ ਮੁੱਦੇ ਲਈ ਬਣਾਈ ਗਈ ਸੀ ਪਰ ਉਸ 'ਤੇ ਕੰਮ ਨਹੀਂ ਹੋਇਆ। ਉਨ੍ਹਾਂ ਸਪੀਕਰ ਨਾਲ ਮੁਲਾਕਾਤ ਕਰ ਕਿਹਾ ਕਿ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ 15 ਫੀਸਦੀ ਦੇਸੀ ਗਾਵਾਂ ਹਨ ਜੋ ਪੂਜਣਯੋਗ ਹਨ ਪਰ ਵੱਡੀ ਗਿਣਤੀ 'ਚ ਵਿਦੇਸ਼ੀ ਨਸਲਾਂ ਹਨ, ਜੋ ਕਾਫੀ ਹਿੰਸਕ ਹਨ ਅਤੇ ਇਨ੍ਹਾਂ ਦਾ ਧਾਰਮਿਕ ਜੁੜਾਅ ਵੀ ਕਿਸੇ ਤਰ੍ਹਾਂ ਨਾਲ ਨਹੀਂ ਹੈ, ਜਿਸ 'ਚ ਅਸੀਂ ਮੰਗ ਕੀਤੀ ਹੈ ਕਿ ਦੇਸੀ ਗਾਂਵਾਂ ਨੂੰ ਗਊਂਸ਼ਾਲਾ 'ਚ ਸੰਭਾਲਿਆ ਜਾਵੇ ਅਤੇ ਜੋ ਵਿਦੇਸ਼ੀ ਨਸਲਾਂ ਹਨ, ਉਨ੍ਹਾਂ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ  ਸਾਰੇ ਮੁੱਦਿਆਂ 'ਤੇ ਚਰਚਾ ਹੋਣੀ ਚਾਹੀਦੀ ਹੈ।