25 ਤੋਂ ਬਾਅਦ ਹੋਵੇਗਾ ਨਵੇਂ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਐਲਾਨ

12/17/2019 2:16:00 PM

ਜਲੰਧਰ— ਪੰਜਾਬ ਭਾਜਪਾ ਦੇ ਪ੍ਰਧਾਨ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। 25 ਦਸੰਬਰ ਤੋਂ ਬਾਅਦ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦਾ ਐਲਾਨ ਹਾਈ ਕਮਾਨ ਵੱਲੋਂ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਕਿਉਂਕਿ ਜ਼ਿਲਿਆਂ ਦੇ ਪ੍ਰਧਾਨਾਂ ਨੂੰ ਬਣਾਉਣ ਦਾ ਕੰਮ 25 ਦਸੰਬਰ ਤੱਕ ਖਤਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪੰਜਾਬ ਭਾਜਪਾ ਦੇ ਰਾਜ 'ਚ 33 ਜ਼ਿਲੇ ਹਨ ਅਤੇ ਭਾਜਪਾ ਪ੍ਰਧਾਨ ਦੀ ਚੋਣ ਲਈ 50 ਫੀਸਦੀ ਦੇ ਕਰੀਬ ਜ਼ਿਲਿਆਂ 'ਚ ਪ੍ਰਧਾਨ ਬਣਾਉਣੇ ਜ਼ਰੂਰੀ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਜ਼ਿਲਾ ਪ੍ਰਧਾਨ ਬਣਾਉਣ ਦਾ ਕੰਮ 25 ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਪੰਜਾਬ ਭਾਜਪਾ ਦੀ ਕੌਰ ਕਮੇਟੀ 'ਚ ਪੰਜਾਬ ਭਾਜਪਾ ਦੇ ਅਗਲੇ ਪ੍ਰਧਾਨ ਲਈ 3 ਆਗੂਆਂ ਦੇ ਨਾਵਾਂ ਦਾ ਪੈਨਲ ਤਿਆਰ ਕਰਕੇ ਹਾਈ ਕਮਾਨ ਕੋਲ ਭੇਜਿਆ ਜਾਵੇਗਾ।

ਪ੍ਰਧਾਨ ਲਈ ਇਕ ਦਰਜਨ ਦੇ ਕਰੀਬ ਨਾਂ ਉੱਭਰ ਕੇ ਆਏ ਸਾਹਮਣੇ
ਪੰਜਾਬ ਭਾਜਪਾ ਦੇ ਪ੍ਰਧਾਨ ਲਈ ਇਕ ਦਰਜਨ ਦੇ ਕਰੀਬ ਨਾਂ ਉੱਭਰ ਕੇ ਸਾਹਮਣੇ ਆਏ ਹਨ। ਪ੍ਰਮੁੱਖ ਨਾਵਾਂ 'ਚ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਤੀਕਸ਼ਣ ਸੂਦ ਅਤੇ ਪਾਰਟੀ ਦੇ ਮੌਜੂਦਾ ਜਨਰਲ ਸਕੱਤਰ ਰਾਕੇਸ਼ ਰਾਠੌਰ ਸ਼ਾਮਲ ਹਨ। ਹੋਰ ਨਾਵਾਂ 'ਚ ਪ੍ਰੋ. ਰਜਿੰਦਰ ਭੰਡਾਰੀ, ਹਰਜੀਤ ਸਿੰਘ ਗਰੇਵਾਲ, ਜੀਵਨ ਗੁਪਤਾ, ਦੀਵਾਨ ਅਮਿਤ ਅਰੋੜਾ ਸਮੇਤ ਕੁਝ ਹੋਰ ਆਗੂ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਉਕਤ ਆਗੂਆਂ ਦੇ ਸਮਰਥਕਾਂ ਵੱਲੋਂ ਵੀ ਪ੍ਰਧਾਨਗੀ ਲਈ ਦਾਅਵੇ ਕੀਤੇ ਜਾ ਰਹੇ ਹਨ। ਮੌਜੂਦਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ ਭਾਵੇਂ ਉਹ ਆਪਣੇ ਕਾਰਜਕਾਲ ਨੂੰ ਵਧੀਆ ਦੱਸਦੇ ਹਨ ਪਰ ਉਨ੍ਹਾਂ ਦੇ ਕਾਰਜਕਾਲ 'ਚ ਵੀ ਪਾਰਟੀ ਦੀ ਧੜੇਬੰਦੀ ਸਿਖਰਾਂ 'ਤੇ ਰਹੀ ਹੈ। 25 ਤੋਂ ਬਾਅਦ ਜਿਹੜਾ ਆਗੂ ਵੀ ਪ੍ਰਧਾਨ ਬਣੇਗਾ, ਪਾਰਟੀ ਦੀ ਧੜੇਬੰਦੀ ਨੂੰ ਖਤਮ ਕਰਨਾ ਵੱਡੀ ਚੁਣੌਤੀ ਹੋਵੇਗੀ। ਲੋਕ ਸਭਾ ਚੋਣਾਂ 'ਚ ਹੀ ਪਾਰਟੀ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਸੀ ਅਤੇ ਕਈ ਨਾਰਾਜ਼ ਆਗੂਆਂ ਨੇ ਮਿਸ਼ਨ ਮੋਦੀ ਅਗੇਨ ਪੀ. ਐੱਮ. ਮੋਦੀ ਦੀ ਜਥੇਬੰਦੀ ਬਣਾ ਕੇ ਚੋਣਾਂ 'ਚ ਵੱਖਰੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

shivani attri

This news is Content Editor shivani attri