ਵੱਡੀ ਖ਼ਬਰ : ਪੰਜਾਬ ਭਾਜਪਾ ਦੇ ਪੁਨਰਗਠਨ ਦਾ ਐਲਾਨ ਜਲਦੀ, ਅੱਧੀ ਤੋਂ ਵੱਧ ਟੀਮ ਦੀ ਛਾਂਟੀ ਤੈਅ

12/01/2022 9:59:00 AM

ਚੰਡੀਗੜ੍ਹ (ਹਰੀਸ਼ਚੰਦਰ) : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਗੁਜਰਾਤ ਚੋਣਾਂ ਤੋਂ ਨਿਪਟਦੇ ਹੀ ਪੰਜਾਬ ਭਾਜਪਾ ਦਾ ਪੁਨਰਗਠਨ ਕਰਨ ਜਾ ਰਹੀ ਹੈ। ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅਹੁਦਾ ਬਰਕਰਾਰ ਰਹੇਗਾ ਪਰ ਉਨ੍ਹਾਂ ਦੀ ਅੱਧੀ ਤੋਂ ਵੱਧ ਟੀਮ ਦੀ ਛਾਂਟੀ ਤੈਅ ਮੰਨੀ ਜਾ ਰਹੀ ਹੈ। ਸੂਤਰਾਂ ਅਨੁਸਾਰ ਸੂਬੇ ਅਹੁਦੇਦਾਰਾਂ 'ਚ 50 ਫ਼ੀਸਦੀ ਚਿਹਰੇ ਨਵੇਂ ਹੋਣਗੇ। ਭਗਵਾਂ ਪਾਰਟੀ ਪਹਿਲੀ ਵਾਰ ਪੰਜਾਬ 'ਚ ਵੱਡੇ ਪੱਧਰ ’ਤੇ ਸਿੱਖ ਨੇਤਾਵਾਂ ਨੂੰ ਸੂਬਾ ਟੀਮ 'ਚ ਜਗ੍ਹਾ ਦੇਵੇਗੀ। ਪੰਜਾਬ ਦੇ ਇਕ ਸੀਨੀਅਰ ਅਹੁਦੇਦਾਰ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ 15 ਦਿਨ ਪਹਿਲਾਂ ਹੀ ਇਸ ਦੀ ਜਾਣਕਾਰੀ ਮਿਲ ਚੁੱਕੀ ਹੈ ਕਿ ਪਾਰਟੀ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਲਈ ਉਨ੍ਹਾਂ ਦੀ ਜਗ੍ਹਾ ਨਵੇਂ ਅਹੁਦੇਦਾਰ ਨਿਯੁਕਤ ਕਰਨ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਚਾਰੇ ਸੂਬਾ ਮਹਾ ਮੰਤਰੀ ਹਟਾਏ ਜਾ ਰਹੇ ਹਨ ਤੇ ਇਨ੍ਹਾਂ ਦੀ ਜਗ੍ਹਾ ਪਾਰਟੀ 'ਚ ਸ਼ਾਮਲ ਹੋਏ ਕੁੱਝ ਕਾਂਗਰਸੀ ਨੇਤਾਵਾਂ ਵੱਲ ਧਿਆਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਵਿਅਕਤੀ ਨੇ ਜਰਮਨ ਸ਼ੈੱਫਰਡ ਕੁੱਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ (ਵੀਡੀਓ)

ਇਸੇ ਤਰਜ਼ ’ਤੇ ਉਪ ਪ੍ਰਧਾਨਾਂ ਤੇ ਸਕੱਤਰਾਂ 'ਚੋਂ ਵੀ ਅੱਧਿਆਂ ਦੀ ਛਾਂਟੀ ਹੋਵੇਗੀ। ਕਾਗਰਸ ਤੋਂ ਭਾਜਪਾ 'ਚ ਸ਼ਾਮਲ ਫ਼ਤਹਿਜੰਗ ਬਾਜਵਾ, ਅਰਵਿੰਦ ਖੰਨਾ, ਡਾ. ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਕੇਵਲ ਢਿੱਲੋਂ, ਨਿਮਿਸ਼ਾ ਮਹਿਤਾ, ਦਮਨ ਬਾਜਵਾ ਤੇ ਅਕਾਲੀ ਦਲ ਤੋਂ ਆਏ ਪਰਮਿੰਦਰ ਬਰਾੜ 'ਚੋਂ ਜ਼ਿਆਦਾਤਰ ਨੂੰ ਸੂਬਾ ਅਹੁਦੇਦਾਰ ਬਣਾਇਆ ਜਾ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸੂਬੇ ਦੀ ਕੋਰ ਕਮੇਟੀ 'ਚ ਲਿਆ ਜਾ ਸਕਦਾ ਹੈ। ਪਾਰਟੀ ਘੱਟ ਤੋਂ ਘੱਟ 4 ਨੇਤਾਵਾਂ ਨੂੰ ਕੋਰ ਗਰੁੱਪ ਤੋਂ ਬਾਹਰ ਕਰਨ ਜਾ ਰਹੀ ਹੈ। ਇਨ੍ਹਾਂ 'ਚੋਂ 2 ਸਾਬਕਾ ਪ੍ਰਧਾਨ ਤੇ 2 ਸਾਬਕਾ ਮੰਤਰੀ ਸ਼ਾਮਲ ਹਨ। ਰਾਣਾ ਗੁਰਮੀਤ ਸੋਢੀ ਨੂੰ ਲੈ ਕੇ ਅਜੇ ਵੀ ਸ਼ੰਕਾ ਹੈ ਕਿ ਉਨ੍ਹਾਂ ਨੂੰ ਸੂਬਾ ਅਹੁਦੇਦਾਰ ਬਣਾਇਆ ਜਾਵੇ ਜਾਂ ਕਰ ਗਰੁੱਪ 'ਚ ਥਾਂ ਦਿੱਤੀ ਜਾਵੇਗੀ। ਫ਼ਤਹਿਜੰਗ ਬਾਜਵਾ ਨੂੰ ਵੀ ਕੋਰ ਗਰੁੱਪ ਦਾ ਮੈਂਬਰ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Mann ਸਰਕਾਰ ਦੀਆਂ ਆਸਾਂ 'ਤੇ ਫਿਰਿਆ ਪਾਣੀ, ਕੇਂਦਰ ਨੇ ਇਸ ਗੱਲ ਨੂੰ ਲੈ ਕੇ ਕੀਤੀ ਕੋਰੀ ਨਾਂਹ

ਸੂਬੇ ਦੀ ਟੀਮ 'ਚ ਪ੍ਰਧਾਨ ਦੇ ਨਾਲ ਸੰਗਠਨ ਮਹਾ ਮੰਤਰੀ, 4 ਮਹਾ ਮੰਤਰੀ, 8 ਉਪ ਪ੍ਰਧਾਨ, 8 ਸਕੱਤਰ, ਖਜ਼ਾਨਚੀ, ਦਫ਼ਤਰ ਸਕੱਤਰ, ਪ੍ਰਦੇਸ਼ ਪ੍ਰੈੱਸ ਸਕੱਤਰ, ਆਈ. ਟੀ. ਸੈੱਲ ਦਾ ਪ੍ਰਮੁੱਖ ਤੇ ਸੋਸ਼ਲ ਮੀਡੀਆ ਪ੍ਰਮੁੱਖ ਨੂੰ ਰੱਖਿਆ ਜਾਂਦਾ ਹੈ। ਇਕ ਭਾਜਪਾ ਨੇਤਾ ਨੇ ਦੱਸਿਆ ਕਿ ਹੋਰ ਦਲਾਂ ਤੋਂ ਆਏ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਹੋਰ ਵਿਰੋਧੀ ਦਲਾਂ ਦੇ ਨੇਤਾ ਵੀ ਵੱਡੇ ਪੈਮਾਨੇ ’ਤੇ ਭਾਜਪਾ ਦਾ ਰੁਖ ਕਰ ਸਕਦੇ ਹਨ। ਭਾਜਪਾ 'ਚ ਸ਼ਾਮਲ ਹੋਏ ਕਈ ਕਾਂਗਰਸ ਨੇਤਾਵਾਂ ਨੂੰ ਕੇਂਦਰ ਨੇ ਸਕਿਓਰਿਟੀ ਵੀ ਮੁਹੱਈਆ ਕਰਵਾਈ ਹੈ। ਹੁਣ ਜੇਕਰ ਪਾਰਟੀ 'ਚ ਅਹਿਮ ਅਹੁਦਾ ਤੇ ਸਕਿਓਰਿਟੀ ਆਦਿ ਦਿੱਤੀ ਜਾਂਦੀ ਹੈ ਤਾਂ ਜ਼ਾਹਰ ਤੌਰ ’ਤੇ ਇਸ ਨਾਲ ਹੋਰ ਦਲਾਂ ਦੇ ਸੀਨੀਅਰ ਨੇਤਾ ਵੀ ਭਾਜਪਾ 'ਚ ਸ਼ਾਮਲ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita