ਮੰਤਰੀ ਮੰਡਲ ਵਿਸਤਾਰ ਦੀਆਂ ਸੰਭਾਵਨਾਵਾਂ ਕਾਰਨ ਦਿੱਲੀ ''ਚ ਪੰਜਾਬ ਭਵਨ ਹੋਇਆ ਫੁੱਲ

07/08/2017 7:04:17 AM

ਜਲੰਧਰ (ਧਵਨ)  - ਪੰਜਾਬ ਮੰਤਰੀ ਮੰਡਲ ਦੇ ਅਗਲੇ ਕੁਝ ਦਿਨਾਂ 'ਚ ਹੋਣ ਵਾਲੇ ਵਿਸਤਾਰ ਨੂੰ ਦੇਖਦੇ ਹੋਏ ਦਿੱਲੀ ਸਥਿਤ ਪੰਜਾਬ ਭਵਨ ਪੂਰੀ ਤਰ੍ਹਾਂ ਫੁੱਲ ਹੋ ਗਿਆ ਹੈ ਅਤੇ ਵਿਧਾਇਕਾਂ ਨੂੰ ਪੰਜਾਬ ਭਵਨ 'ਚ ਕਮਰੇ ਬੁੱਕ ਕਰਵਾਉਣ ਲਈ ਮੁਸ਼ਕਲਾਂ ਆ ਰਹੀਆਂ ਹਨ। ਕਈ ਵਿਧਾਇਕਾਂ ਨੇ ਦੱਸਿਆ ਕਿ ਅਗਲੇ ਦੋ-ਤਿੰਨ ਦਿਨਾਂ ਤਕ ਦਿੱਲੀ ਸਥਿਤ ਪੰਜਾਬ ਭਵਨ ਪੂਰੀ ਤਰ੍ਹਾਂ ਫੁੱਲ ਰਹੇਗਾ।ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਹੀ ਹਨ ਅਤੇ ਉਨ੍ਹਾਂ ਦੀ 8 ਜੁਲਾਈ ਨੂੰ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਣੀ ਹੈ, ਜਿਸ ਨੂੰ ਦੇਖਦੇ ਹੋਏ ਵਿਧਾਇਕ ਵੀ ਕੈਪਟਨ ਦੇ ਪਿੱਛੇ-ਪਿਛੇ ਦਿੱਲੀ ਚਲੇ ਗਏ ਹਨ। ਇਨ੍ਹਾਂ 'ਚ ਉਹ ਵਿਧਾਇਕ ਵੱਧ ਹਨ ਜਿਨ੍ਹਾਂ ਨੂੰ ਮੰਤਰੀ ਅਹੁਦੇ ਮਿਲਣ ਦੇ ਆਸਾਰ ਹਨ ਪਰ ਇਨ੍ਹਾਂ ਸੀਨੀਅਰ ਵਿਧਾਇਕਾਂ ਨਾਲ ਉਨ੍ਹਾਂ ਦੇ ਸਹਿਯੋਗੀ ਵਿਧਾਇਕ ਵੀ ਦਿੱਲੀ ਗਏ ਹੋਏ ਹਨ। ਕਈ ਵੱਡੇ ਵਿਧਾਇਕ ਤਾਂ ਹੋਟਲਾਂ 'ਚ  ਰੁਕੇ ਹੋਏ ਹਨ ਪਰ ਜ਼ਿਆਦਾਤਰ ਵਿਧਾਇਕਾਂ ਨੇ ਦਿੱਲੀ ਦੇ ਪੰਜਾਬ ਭਵਨ 'ਚ ਆਪਣੇ ਕਮਰੇ ਬੁੱਕ ਕਰਵਾਏ ਹੋਏ ਹਨ।
ਇਨ੍ਹਾਂ ਵਿਧਾਇਕਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੈਪਟਨ ਵੀ ਹੁਣ ਇਨ੍ਹਾਂ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰ ਰਹੇ ਹਨ ਕਿਉਂਕਿ ਮੰਤਰੀ ਮੰਡਲ 'ਚ ਸ਼ਾਮਿਲ ਕੀਤੇ ਜਾਣ ਵਾਲੇ ਵਿਧਾਇਕਾਂ ਦੀ ਸੂਚੀ ਪਹਿਲਾਂ ਹੀ ਮੁੱਖ ਮੰਤਰੀ ਵਲੋਂ ਬਣਾਈ ਹੋਈ ਹੈ। ਇਸ ਲਈ ਉਹ ਫਿਲਹਾਲ ਵਿਧਾਇਕਾਂ ਨਾਲ ਮੁਲਾਕਾਤ ਨਹੀਂ ਕਰ ਰਹੇ ਹਨ। ਉਹ ਸਿੱਧੇ ਹੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕੇ ਹੀ ਆਪਣੇ ਪੱਤੇ ਖੋਲ੍ਹਣਗੇ।
ਵਿਧਾਇਕਾਂ ਦੀ ਗਿਣਤੀ ਦਿੱਲੀ 'ਚ ਇਸ ਲਈ ਵੀ ਵਧੀ ਹੋਈ ਹੈ ਕਿਉਂਕਿ ਇਹ ਚਰਚਾ ਵੀ ਚਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਫੇਰਬਦਲ ਤੋਂ ਬਾਅਦ ਸੰਸਦੀ ਸਕੱਤਰਾਂ ਦੀਆਂ ਨਿਯੁਕਤੀਆਂ ਕਰਨਾ ਚਾਹੁੰਦੇ  ਹਨ ਜਿਸ ਦੇ ਸਬੰਧ 'ਚ ਉਨ੍ਹਾਂ ਨੂੰ ਕਾਨੂੰਨੀ ਮਾਹਿਰਾਂ ਤੋਂ ਹਰੀ ਝੰਡੀ ਮਿਲ ਚੁੱਕੀ ਹੈ। ਮੰਤਰੀ ਅਹੁਦੇ 'ਚ ਸਥਾਨ ਨਾ ਮਿਲਣ ਵਾਲੇ ਵਿਧਾਇਕ ਆਪਣਾ ਅਹੁਦਾ ਸੰਸਦੀ ਸਕੱਤਰ 'ਚ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਇਸ ਲਈ ਵੱਡੀ ਗਿਣਤੀ 'ਚ ਵਿਧਾਇਕਾਂ ਨੇ ਦਿੱਲੀ 'ਚ ਡੇਰਾ ਲਾ ਰੱਖਿਆ ਹੈ। ਹੁਣ ਐਤਵਾਰ ਤਕ ਮੰਤਰੀ ਮੰਡਲ ਵਿਸਤਾਰ ਦੇ ਡਰਾਮੇ ਦਾ ਅੰਤ ਹੋਵੇਗਾ ਉਦੋਂ ਤਕ ਵਿਧਾਇਕ ਦਿੱਲੀ 'ਚ ਡਟੇ ਰਹਿਣਗੇ ਪਰ ਮੁੱਖ ਮੰਤਰੀ ਨੂੰ ਤਾਂ ਪਤਾ ਹੈ ਕਿ ਕਿਹੜੇ ਵਿਧਾਇਕਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕਰਨਾ ਹੈ।